ਸਥਾਨਕ ਆਗੂਆਂ/ਲੀਡਰ ਦੀ ਕਥਿਤ ਮਿਲੀਭੁਗਤ ਤੋਂ ਵੀ ਨਹੀਂ ਕੀਤਾ ਜਾ ਸਕਦਾ ਇਨਕਾਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਸ਼ਿਕਾਇਤ ਪੱਤਰ ਦੇ ਕੇ ਕੀਤੀ ਮੰਗ
ਐਸ ਏ ਐਸ ਨਗਰ ,4 ਫਰਵਰੀ ,ਬੋਲੇ ਪੰਜਾਬ ਬਿਊਰੋ:
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਹਲਕਾ ਮੋਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਚੋਣ ਲੜੇ ਅਤੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਅਤੇ ਸ਼ਿਕਾਇਤ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਗੁਰਦੁਆਰਾ ਅੰਬ ਸਾਹਿਬ ਫੇਜ 8 ਮੁਹਾਲੀ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਅਤੇ ਹੋਰ ਮੁਲਾਜਮਾਂ ਵੱਲੋਂ ਪਿੰਡ ਸੈਣੀਮਾਜਰਾ ਸੈਕਟਰ 101 ਏ, ਆਈ ਟੀ ਸਿਟੀ ਮੁਹਾਲੀ ਸਥਿਤ ਗੁਰਦੁਆਰਾ ਸ੍ਰੀ ਪਾਤਿਸ਼ਾਹੀ ਸੱਤਵੀਂ ਲੰਬਿਆ ਸਾਹਿਬ ਦੀ ਕਰੋੜਾਂ ਰੁਪਏ ਦੀ 44 ਮਰਲੇ ਜ਼ਮੀਨ ਕਥਿਤ ਤੌਰ ’ਤੇ ਸਸਤੇ ਭਾਅ ਵਿੱਚ ਵੇਚ ਦਿੱਤੀ ਗਈ ਹੈ। ਇਸ ਜ਼ਮੀਨ ਦੀ ਅਸਲ ਮਾਰਕੀਟ ਕੀਮਤ 15-20 ਕਰੋੜ ਦੇ ਕਰੀਬ ਹੈ ਪਰ ਇਹ ਜ਼ਮੀਨ ਬਹੁਤ ਹੀ ਸਸਤੇ ਭਾਅ ਵੇਚ ਦਿਤੀ ਗਈ ਹੈ। ਇਸ ਜ਼ਮੀਨ ਨੂੰ ਵੇਚਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਵੱਲੋਂ ਨਾ ਤਾਂ ਕੋਈ ਜਨਤਕ ਸੂਚਨਾ ਦਿੱਤੀ ਗਈ, ਨਾ ਮੁਨਾਦੀ ਕਰਵਾਈ ਗਈ ਅਤੇ ਨਾ ਹੀ ਇਸ ਸੰਬੰਧੀ ਜਨਤਕ ਤੌਰ ਤੇ ਇਸ਼ਤਿਹਾਰ ਦਿਤੇ ਗਏ। ਲਿਹਾਜਾ ਇਹ ਜ਼ਮੀਨ ਬਿਨਾ ਬੋਲੀ ਕਰਵਾਏ ਕੋਡੀਆਂ ਦੇ ਭਾਅ ਵੇਚ ਦਿਤੀ ਗਈ ਹੈ। ਗੁਰਦੁਆਰੇ ਦੇ ਮੈਨੇਜਰ ਵੱਲੋਂ ਇਸ ਜ਼ਮੀਨ ਦੀ 2-12-2025 ਨੂੰ ਰਜਿਸਟਰੀ ਕਰਵਾਈ ਗਈ ਸੀ। ਇਹ ਜ਼ਮੀਨ ਸਿਰਫ਼ 1.32 ਕਰੋੜ ਵਿੱਚ ਵੱਖ ਵੱਖ ਖਰੀਦਦਾਰਾਂ ਨੂੰ ਵੇਚੀ ਗਈ ਹੈ, ਜਿਸ ਦੀ ਰਜਿਸਟਰੀ ਸਬ ਰਜਿਸਟਰਾਰ ਦਫਤਰ ਮੁਹਾਲੀ ਵਿੱਚ ਕਰਵਾਈ ਗਈ।
ਉਹਨਾਂ ਦੱਸਿਆ ਕਿ ਇਸ ਜ਼ਮੀਨ ਨੂੰ ਵੇਚਣ ਵਿੱਚ ਇੱਕ ਬਹੁਤ ਵੱਡਾ ਘਪਲਾ ਕੀਤਾ ਗਿਆ ਹੈ ਅਤੇ ਗੁਰੂ ਘਰ ਦੀ ਬਹੁਕਰੋੜੀ ਜ਼ਮੀਨ ਕੋਡੀਆਂ ਦੇ ਭਾਅ ਵੇਚ ਕੇ ਵੱਡਾ ਘਾਲਾ ਮਾਲਾ ਕੀਤਾ ਗਿਆ ਹੈ, ਜਿਸ ਵਿੱਚ ਸਥਾਨਕ ਆਗੂਆਂ/ਲੀਡਰ ਦੀ ਕਥਿਤ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਦੋਂ ਉਹ ਗੁਰਦੁਆਰਾ ਅੰਬ ਸਾਹਿਬ ਦੇ ਦਫਤਰ ਗਏ ਤਾਂ ਉਥੇ ਅਕਾਲੀ ਦੱਲ ਮੁਹਾਲੀ ਦੇ ਹਲਕਾ ਇੰਚਾਰਜ ਅਤੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਹੋਰ ਆਗੂ, ਉਸ ਦੇ ਪ੍ਰਾਈਵੇਟ ਗੰਨਮੈਨ ਅਤੇ ਪਰਵਿੰਦਰ ਸਿੰਘ ਸੋਹਾਣਾ ਦੇ ਬੇਟੇ ਸਮੇਤ ਕਈ ਹੋਰ ਆਗੂ ਮੌਜੂਦ ਸਨ। ਇਸ ਉਪਰੋਕਤ ਘਪਲੇ ਸੰਬੰਧੀ ਜਦੋਂ ਉਹਨਾਂ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਰਮਿੰਦਰ ਸਿੰਘ ਸੋਹਾਣਾ ਵੱਲੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਦਫਤਰ ਵਿਚੋਂ ਬਾਹਰ ਜਾਣ ਲਈ ਕਿਹਾ ਗਿਆ। ਜਦੋਂ ਉਹਨਾਂ ਇਸ ਸੰਬੰਧੀ ਪਰਵਿੰਦਰ ਸਿੰਘ ਸੋਹਾਣਾ ਨੂੰ ਇਤਰਾਜ ਕੀਤਾ ਤਾਂ ਪਰਮਿੰਦਰ ਸਿੰਘ ਸੋਹਾਣਾ ਵੱਲੋਂ ਬਹੁਤ ਧਮਕੀ ਅਤੇ ਗੁੱਸੇ ਭਰੇ ਲਹਿਜੇ ਵਿੱਚ ਬਾਹਰ ਨਿਕਲ ਜਾਣ ਲਈ ਬੋਲਿਆ ਗਿਆ। ਇੱਥੋਂ ਤੱਕ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿੱਚ ਨਵ-ਨਿਯੁਕਤ ਹੋਏ ਮੈਨੇਜਰ ਸ੍ਰ. ਸੁਖਵਿੰਦਰ ਸਿੰਘ ਨੂੰ ਵੀ ਬਾਹਰ ਭੇਜ ਦਿੱਤਾ ਗਿਆ, ਪਰਵਿੰਦਰ ਸਿੰਘ ਸੋਹਾਣਾ ਵੱਲੋਂ ਸਾਰਿਆਂ ਨੂੰ ਬਾਹਰ ਕੱਢਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਪਰਵਿੰਦਰ ਸਿੰਘ ਸੋਹਾਣਾ ਦੇ ਲੜਕੇ ਵੱਲੋਂ ਵੀ ਆਪਣੇ ਪਿਤਾ ਦੇ ਬਾਡੀਗਾਰਡਾਂ ਦੇ ਸਹਿਯੋਗ ਨਾਲ ਮੇਰੇ ਨਾਲ ਦੁਰਵਿਹਾਰ ਕੀਤਾ ਗਿਆ।
ਜਤਿੰਦਰਪਾਲ ਸਿੰਘ ਜੇ.ਪੀ. ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਲਿਖਤ ਬੇਨਤੀ ਕੀਤੀ ਗਈ ਕਿ ਗੁਰਦੁਆਰਾ ਅੰਬ ਸਾਹਿਬ ਫੇਜ 8 ਮੁਹਾਲੀ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਜੋ ਵੱਡੀ ਘਪਲੇਬਾਜੀ ਕੀਤੀ ਹੈ, ਇਸ ਲਈ ਮੈਨੇਜਰ ਸ੍ਰ. ਰਜਿੰਦਰ ਸਿੰਘ ਟੌਹੜਾ, ਆਦਿ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਅਤੇ ਉਸ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਹੁੰਦਿਆਂ ਹੁਣ ਤਕ ਦੀ ਕਾਰਗੁਜਾਰੀ ਦੀ ਪੂਰੀ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ ਅਤੇ ਜਦੋਂ ਤਕ ਮੈਨੇਜਰ ਰਜਿੰਦਰ ਸਿੰਘ ਟੌਹੜਾ ਖ਼ਿਲਾਫ਼ ਜਾਂਚ ਪੜਤਾਲ ਪੂਰੀ ਨਹੀਂ ਹੋ ਜਾਂਦੀ, ਉਸ ਨੂੰ ਸ੍ਰੋਮਣੀ ਕਮੇਟੀ ਦੇ ਸਾਰੇ ਅਹੁਦਿਆਂ ਤੋਂ ਮੁਅੱਤਲ ਕੀਤਾ ਜਾਵੇ ਤਾਂ ਕਿ ਉਹ ਆਪਣੇ ਵਿਰੁੱਧ ਹੋਣ ਵਾਲੀ ਕਿਸੇ ਵੀ ਪੱਧਰ ਦੀ ਜਾਂਚ ਪੜਤਾਲ ਨੂੰ ਪ੍ਰਭਾਵਿਤ ਨਾ ਕਰ ਸਕੇ।
ਉਹਨਾਂ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਪਿੰਡ ਸੈਣੀਮਾਜਰਾ, ਸੈਕਟਰ 101 ਏ, ਆਈ ਟੀ ਸਿਟੀ, ਮੁਹਾਲੀ ਸਥਿਤ ਗੁਰਦੁਆਰਾ ਸ੍ਰੀ ਪਾਤਿਸ਼ਾਹੀ ਸੱਤਵੀਂ ਲੰਬਿਆ ਸਾਹਿਬ ਦੀ ਕਰੋੜਾਂ ਰੁਪਏ ਦੀ 44 ਮਰਲੇ ਜ਼ਮੀਨ ਸਸਤੇ ਭਾਅ ਵੇਚਣ ਦੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਵਾਉਣ ਉਪਰੰਤ ਜੋ ਵੀ ਵਿਅਕਤੀ ਇਸ ਵਿੱਚ ਦੋਸ਼ੀ ਪਾਏ ਜਾਂਦੇ ਹਨ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਫੌਜਦਾਰੀ ਮਾਮਲਾ ਦਰਜ ਕਰਵਾਇਆ ਜਾਵੇ। ਇਸ ਤੋਂ ਇਲਾਵਾ ਧੋਖੇ ਨਾਲ ਜੋ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਹੈ ਉਸ ਨੂੰ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰਵਾਇਆ ਜਾਵੇ।
ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਰੋਸਾ ਦਿੱਤਾ ਕਿ ਇਸ ਸ਼ਿਕਾਇਤ ਤੇ ਪੂਰੀ ਕਾਰਵਾਈ ਹੋਵੇਗੀ ਤੇ ਜੋ ਵੀ ਇਸ ਸਾਜਿਸ਼ ਵਿੱਚ ਸ਼ਾਮਿਲ ਹੋਇਆ ਉਸ ਨੂੰ ਬਖਸਿਆ ਨਹੀਂ ਜਾਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰ. ਕੁਲਵੰਤ ਸਿੰਘ ਮਨੰਣ ਵੀ ਹਾਜ਼ਿਰ ਸਨ।












