ਬ੍ਰਿਜੇਸ਼ ਰਾਣਾ ਅਤੇ ਪਰਮਿੰਦਰ ਗੁੱਡੂ ਬਣੇ ਹੰਡੇਸਰਾ ਸਰਕਲ ਦੇ ਪ੍ਰਧਾਨ
ਲਾਲੜੂ 4 ਫਰਵਰੀ ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਲਈ ਉਸਦੇ ਵਰਕਰ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਸਤਿਕਾਰ ਦਿੱਤਾ ਹੈ। ਐਨ.ਕੇ. ਸ਼ਰਮਾ ਅੱਜ ਬ੍ਰਿਜੇਸ਼ ਰਾਣਾ ਨੂੰ ਹੰਡੇਸਰਾ ਸਰਕਲ-ਵਨ ਅਤੇ ਪਰਮਿੰਦਰ ਸਿੰਘ ਗੁੱਡੂ ਨੂੰ ਹੰਡੇਸਰਾ ਸਰਕਲ-ਟੂ ਦਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਸ਼ਰਮਾ ਨੇ ਕਿਹਾ ਕਿ ਵਰਕਰਾਂ ਦੇ ਬਲਬੂਤੇ ‘ਤੇ ਹੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਸੰਗਠਿਤ ਪਾਰਟੀ ਵਜੋਂ ਰਾਜਨੀਤੀ ਵਿੱਚ ਸਰਗਰਮੀ ਨਾਲ ਸ਼ਾਮਲ ਹੈ।
ਵਰਕਰਾਂ ਦੀ ਮਿਹਨਤ ਸਦਕਾ ਹੀ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਵਰਕਰਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਅਤੇ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੰਮ ਕਰਨ। ਐਨ.ਕੇ. ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦੇ ਉਭਾਰ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬੌਖਲਾਹਟ ਵਿੱਚ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਨਤਾ ਨੂੰ ਜਾਣੂ ਕਰਵਾਉਣ ਲਈ ਡੇਰਾਬੱਸੀ ਹਲਕੇ ਵਿੱਚ ਜਲਦੀ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਗੁਰਜੀਤ ਸਿੰਘ ਹੁਮਾਯੂੰਪੁਰ, ਅਜਾਇਬ ਸਿੰਘ ਅੰਟਾਲਾ, ਜਸਵੀਰ ਸਿਓਲੀ, ਰਣਦੀਪ ਸਿੰਘ ਨਗਲਾ, ਅਨੁਜ ਰਾਣਾ, ਗੁਰਦੀਪ ਔਜਲਾ, ਗੁਰਮੀਤ ਤਸਿੰਬਲੀ, ਜਸਵੀਰ ਸਰਪੰਚ ਰਾਣੀਮਾਜਰਾ ਅਤੇ ਸਾਹਿਬ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।












