ਮੋਤੀ ਨਗਰ ਮਾਮਲੇ ਵਿੱਚ ਹੈਡ ਟੀਚਰ ਦੀ ਬਦਲੀ ਕਰਕੇ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ – ਅਧਿਆਪਕ ਜਥੇਬੰਦੀਆਂ

ਪੰਜਾਬ

ਲੁਧਿਆਣਾ 5 ਫ਼ਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ );
ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਲੁਧਿਆਣਾ ਦੀ ਅਧਿਆਪਕਾ ਨਰਿੰਦਰ ਪਾਲ ਕੌਰ ਵੱਲੋਂ ਸਕੂਲ ਦੇ ਹੈੱਡ ਟੀਚਰ ‘ਤੇ ਮਾਨਸਿਕ ਤੰਗ ਪ੍ਰੇਸ਼ਾਨ ਅਤੇ ਭੇਦਭਾਵ ਕਰਨ ਦੀ ਸ਼ਿਕਾਇਤ ਜਿਲ੍ਹਾ ਸਿੱਖਿਆ ਅਫਸਰ ( ਐਲੀਮੈਂਟਰੀ ਸਿੱਖਿਆ) ਲੁਧਿਆਣਾ ਦੇ ਦਫ਼ਤਰ, ਮਹਿਲਾ ਕਮਿਸ਼ਨ, ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਕੀਤੀ ਗਈ ਸੀ ਅਤੇ ਸਕੂਲ ਮੁੱਖੀ ਦੀ ਜਿਲ੍ਹੇ ਤੋਂ ਬਾਹਰ ਕਰਕੇ ਗ੍ਰੇਡ ‘ਏ’ ਦੀਆਂ ਮਹਿਲਾ ਅਧਿਕਾਰੀਆਂ ਦੇ ਪੈਨਲ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸ਼ਿਕਾਇਤ ਅਨੁਸਾਰ ਨਿਰਪੱਖ ਜਾਂਚ ਕਰਕੇ ਇਨਸਾਫ਼ ਦੇਣ ਦੀ ਥਾਂ ਸ਼ਿਕਾਇਤਕਰਤਾ ਦੀ ਹੀ ਡੈਪੂਟੇਸ਼ਨ ਕਿਸੇ ਹੋਰ ਸਕੂਲ ਵਿੱਚ ਲਗਾ ਦਿੱਤੀ ਗਈ, ਜਦ ਕਿ ਹੈੱਡ ਟੀਚਰ ਉਸ ਹੀ ਸਕੂਲ ਵਿੱਚ ਤਾਇਨਾਤ ਹੈ। ਇਸੇ ਦਰਮਿਆਨ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵੱਲੋਂ ਸਕੂਲ ਮੁੱਖੀ ਦੀ ਬਦਲੀ ਕੀਤੇ ਬਿਨਾਂ ਹੀ ਮੁੜ ਜਾਂਚ ਬਿਠਾਈ ਗਈ ਹੈ। ਜਦ ਕਿ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਸਬੰਧਿਤ ਸਕੂਲ ਮੁੱਖੀ ਦੀ ਬਦਲੀ ਕਰਕੇ ਨਿਰਪੱਖ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ, 6635 ਈਟੀਟੀ ਟੀਚਰ ਯੂਨੀਅਨ ਦੇ ਜਿਲ੍ਹਾ ਆਗੂ ਪਰਮਿੰਦਰ ਸਿੰਘ ਮਲੌਦ ਅਤੇ 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਐਤੀਆਣਾ ਨੇ ਮੰਗ ਕੀਤੀ ਕਿ ਹੈੱਡ ਟੀਚਰ ਦੀ ਸਕੂਲ ਵਿੱਚੋਂ ਬਦਲੀ ਕਰਕੇ ਹੀ ਨਿਰਪੱਖ ਜਾਂਚ ਕਰਵਾਈ ਜਾਵੇ । ਜੇਕਰ ਹੈੱਡ ਟੀਚਰ ਸਕੂਲ ਵਿੱਚ ਤਾਇਨਾਤ ਰਹਿੰਦਾ ਹੈ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰੇਗਾ। ਇਥੇ ਵਰਨਣਯੋਗ ਹੈ ਕਿ ਸਬੰਧਿਤ ਸਕੂਲ ਮੁੱਖੀ ਦੀਆਂ ਪਹਿਲਾਂ ਵੀ ਇੱਕ ਦਰਜਨ ਦੇ ਕਰੀਬ ਗੰਭੀਰ ਕਿਸਮ ਦੀਆਂ ਹੋਈਆਂ ਵਿਭਾਗੀ ਸ਼ਿਕਾਇਤਾਂ ਦੀ ਜਾਂਚ ਵੀ ਇਸ ਦੇ ਪ੍ਰਭਾਵਸ਼ਾਲੀ ਹੋਣ ਕਾਰਨ ਕਿਸੇ ਸਿੱਟੇ ‘ਤੇ ਨਹੀਂ ਪੁੱਜ ਸਕੀ ਹੈ। ਜੇਕਰ ਹੁਣ ਵੀ ਜਾਂਚ ਨਿਰਪੱਖ ਨਹੀਂ ਹੁੰਦੀ ਤਾਂ ਪੀੜਤ ਅਧਿਆਪਕਾ ਨੂੰ ਇਨਸਾਫ਼ ਨਹੀਂ ਮਿਲ ਸਕੇਗਾ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀਆਂ ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਪੀੜਤ ਔਰਤ ਅਧਿਆਪਕਾ ਲਈ ਇਨਸਾਫ਼ ਲੈਣ ਦੀ ਮੰਗ ਨੂੰ ਲੈ ਕੇ ਸੰਘਰਸ਼ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸੇ ਫੈਸਲੇ ਤਹਿਤ 7 ਫ਼ਰਵਰੀ ਨੂੰ ਦੁਪਹਿਰ 1 ਵਜੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਲੁਧਿਆਣਾ ਦੇ ਮੁੱਦੇ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਤੱਥਾਂ ਸਹਿਤ ਜਾਣਕਾਰੀ ਦਿੱਤੀ ਜਾਵੇਗੀ ਅਤੇ ਭਵਿੱਖੀ ਸੰਘਰਸ਼ ਦੀ ਰਣਨੀਤੀ ਵੀ ਸਾਂਝੀ ਕੀਤੀ ਜਾਵੇਗੀ।ਇਸ ਸਮੇਂ ਰੁਪਿੰਦਰ ਪਾਲ ਸਿੰਘ ਗਿੱਲ,ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਲੀਲ, ਰਜਿੰਦਰ ਜੰਡਿਆਲੀ,ਜੰਗਪਾਲ ਸਿੰਘ ਰਾਏਕੋਟ, ਅਮਰਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।