ਜਲੰਧਰ, 10 ਫ਼ਰਵਰੀ, ਬੋਲੇ ਪੰਜਾਬ ਬਿਊਰੋ :
ਜਲੰਧਰ ਜ਼ਿਲ੍ਹੇ ਦੇ ਗੁਰਾਇਆ ਨੇੜੇ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਤੋੜ ਕੇ ਉਲਟ ਲੇਨ ਵਿੱਚ ਜਾ ਰਹੀ ਇੱਕ ਪਿਕਅੱਪ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਰਾਹਗੀਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਾਇਆ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨਾਂ ਨੂੰ ਹਸਪਤਾਲ ਲੈ ਗਈ। ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ।
ਹਾਦਸੇ ਵਿੱਚ ਟੋਇਟਾ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਇੱਕ ਟਾਟਾ-407 ਵੀ ਨੁਕਸਾਨੀ ਗਈ। ਟਾਟਾ-407 ਦੇ ਡਰਾਈਵਰ ਨੂੰ ਵੀ ਲੱਤ ਟੁੱਟਣ ਕਾਰਨ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸਾਹਿਲ ਮੁਹੰਮਦ (23) ਪੁੱਤਰ ਕਸ਼ਮੀਰ ਮੁਹੰਮਦ, ਦਲਜੀਤ ਭੱਟੀ (20) ਪੁੱਤਰ ਅਵਤਾਰ ਚੰਦ ਅਤੇ ਅਵਤਾਰ ਮਹਿਮੀ (17) ਪੁੱਤਰ ਦੇਸਰਾਜ ਮਹਿਮੀ ਵਜੋਂ ਹੋਈ ਹੈ। ਇਹ ਸਾਰੇ ਜਲੰਧਰ ਦੇ ਫਿਲੌਰ ਥਾਣੇ ਅਧੀਨ ਮੁਠੱਡਾ ਕਲਾਂ ਵਿੱਚ ਰਹਿੰਦੇ ਸਨ। ਤਿੰਨੋਂ ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਵਿਦਿਆਰਥੀ ਸਨ।












