ਨਵੀਂ ਦਿੱਲੀ, 11 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
20ਵੀਂ ਸਦੀ ਵਿਚ ਫਰਾਂਸ ਵਿਚ ਨਿਰੰਤਰ ਲੰਮਾਂ ਸਮਾਂ ਅਜਿਹੇ ਹਾਲਾਤ ਬਣੇ ਰਹੇ ਕਿ ਉਥੇ ਸਰਕਾਰਾਂ ਬਣਦੀਆਂ ਅਤੇ ਟੁੱਟ ਜਾਂਦੀਆ । ਇਹ ਸਿਲਸਿਲਾ ਕਈ ਵਾਰ ਹੋਇਆ । ਲੇਕਿਨ ਉਥੋ ਦੀ ਜੋ ਅਫਸਰਸਾਹੀ, ਨਿਜਾਮੀ ਅਹੁਦੇਦਾਰ ਸਨ, ਉਨ੍ਹਾਂ ਨੇ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਦ੍ਰਿੜਤਾ ਨਾਲ ਆਪਣੀਆ ਸਮਾਜਿਕ, ਸਰਕਾਰੀ ਜਿੰਮੇਵਾਰੀਆਂ ਨੂੰ ਬਾਖੂਬੀ ਪੂਰਨ ਕੀਤਾ। ਜਿਸ ਨਾਲ ਹਾਲਾਤ ਅਤਿ ਮੰਦੇ ਹੋਣ ਦੇ ਬਾਵਜੂਦ ਵੀ ਇਹ ਅਫਸਰਸਾਹੀ ਸਰਕਾਰੀ ਜਿੰਮੇਵਾਰੀਆ ਨੂੰ ਪੂਰਨ ਕਰਦੀ ਰਹੀ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਇਸ ਸਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖੋ ਕੰਮਜੋਰ ਹੋ ਕੇ ਵਿਚਰ ਰਹੀ ਹੈ, ਖੁਦ ਆਜਾਦੀ ਨਾਲ ਫੈਸਲੇ ਲੈਣ ਦੇ ਸਮਰੱਥ ਨਹੀ ਹੈ, ਆਪਣੀ ਦਿੱਲੀ ਦੇ ਪੰਜਾਬ ਵਿਰੋਧੀ ਹਾਕਮਾਂ ਦੇ ਹੁਕਮਾਂ ਤੇ ਨਿਰਭਰ ਰਹਿੰਦੀ ਹੈ, ਉਸਦੀ ਬਦੌਲਤ ਨਿਜਾਮੀ ਪ੍ਰਬੰਧ ਵਿਚ, ਲੋਕਾਂ ਦੀਆਂ ਮੁਸਕਿਲਾਂ ਤੇ ਪ੍ਰੇਸਾਨੀਆਂ ਨੂੰ ਦੂਰ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ । ਪਰ ਦੂਸਰਾ ਦੁੱਖਦਾਇਕ ਵਰਤਾਰਾ ਇਹ ਹੋ ਰਿਹਾ ਹੈ ਕਿ ਇਥੋ ਦੀ ਜੋ ਅਫਸਰਸਾਹੀ, ਬਾਬੂਸਾਹੀ ਹੈ, ਉਨ੍ਹਾਂ ਵਿਚ 80% ਅਫਸਰਸਾਹੀ ਪੰਜਾਬ ਤੋ ਬਾਹਰਲੇ ਸੂਬਿਆਂ ਦੀ ਹੈ । ਜਿਨ੍ਹਾਂ ਦਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਕੋਈ ਹਮਦਰਦੀ ਤੇ ਦਿਲਚਸਪੀ ਨਹੀ । ਕੇਵਲ ਤੇ ਕੇਵਲ 9 ਵਜੇ ਤੋ ਲੈਕੇ 5 ਵਜੇ ਤੱਕ ਆਪਣੀ ਡਿਊਟੀ ਨੂੰ ਪੂਰਾ ਕਰਕੇ ਵੱਡੀਆ-ਵੱਡੀਆ ਤਨਖਾਹਾਂ ਲੈਕੇ ਆਨੰਦ ਮਾਣਦੇ ਨਜਰ ਆ ਰਹੇ ਹਨ ਅਤੇ ਫਰਾਂਸ ਦੀ ਅਫਸਰਸਾਹੀ ਦੀ ਤਰ੍ਹਾਂ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਨ ਦੀ ਸਮਰੱਥਾਂ ਤੇ ਸੋਚ ਨਹੀ ਰੱਖਦੇ । ਇਹੀ ਵਜਹ ਹੈ ਕਿ ਪੰਜਾਬ ਸਿਆਸੀ ਤੌਰ ਤੇ ਅਤੇ ਨਿਜਾਮੀ ਤੌਰ ਤੇ ਨਿਘਾਰ ਵੱਲ ਜਾ ਚੁੱਕਾ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਾਮਿਲ ਉਨ੍ਹਾਂ ਸਿਆਸਤਦਾਨਾਂ ਜਿਨ੍ਹਾਂ ਨੂੰ ਨਾ ਤਾਂ ਕੋਈ ਨਿਜਾਮੀ ਤੇ ਸਿਆਸੀ ਤੁਜਰਬਾ ਹੈ ਅਤੇ ਨਾ ਹੀ ਸਮਰੱਥਾਂ ਉਨ੍ਹਾਂ ਦੇ ਵੱਲੋ ਪੂਰਨ ਰੂਪ ਵਿਚ ਫੇਲ ਹੋ ਜਾਣ ਤੇ ਅਫਸਰਸਾਹੀ ਵੱਲੋ ਆਪਣੀਆ ਜਿੰਮੇਵਾਰੀਆ ਨਾ ਪੂਰਨ ਕਰਨ ਤੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਪੰਜਾਬ ਦੇ ਨਿਜਾਮੀ ਪ੍ਰਬੰਧ ਵਿਚ ਆਈ ਗਿਰਾਵਟ ਨੂੰ ਇਸ ਅਫਸਰਸਾਹੀ ਨੂੰ ਜਿੰਮੇਵਾਰ ਠਹਿਰਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜਦੋ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਤ ਹੋ ਚੁੱਕੀ ਹੈ, ਇਥੋ ਦੀ ਕਾਨੂੰਨੀ ਵਿਵਸਥਾਂ ਡਾਵਾਡੋਲ ਹੈ, ਨਿੱਤ ਦਿਹਾੜੇ ਕਤਲੇਆਮ, ਲੁੱਟਾਂ-ਖੋਹਾ, ਰਿਸਵਤਾਂ ਲੈਣ ਦੇ ਅਮਲ ਹੋ ਰਹੇ ਹਨ, ਇਥੋ ਦੀ ਬੇਰੁਜਗਾਰੀ ਨੂੰ ਦੂਰ ਕਰਨ ਲਈ ਕੋਈ ਯੋਜਨਾ ਨਹੀ ਹੈ ਅਤੇ ਨਾ ਹੀ ਇਥੋ ਦੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਇਨ੍ਹਾਂ ਕੋਲ ਸ਼ਕਤੀ ਅਤੇ ਸੋਚ ਹੈ ਤਾਂ ਉਸ ਸਮੇ ਜੇਕਰ ਇਥੋ ਦੀ ਅਫਸਰਸਾਹੀ ਫਰਾਂਸ ਦੀ ਅਫਸਰਸਾਹੀ ਦੀ ਤਰ੍ਹਾਂ ਜਿੰਮੇਵਾਰੀਆ ਨੂੰ ਪੂਰਨ ਕਰਦੀ ਤਾਂ ਸਿਆਸਤਦਾਨਾਂ ਦੇ ਫੇਲ ਹੋ ਜਾਣ ਤੇ ਵੀ ਨਿਜਾਮੀ ਪ੍ਰਬੰਧ ਵਿਚ ਕੋਈ ਗਿਰਾਵਟ ਨਹੀ ਸੀ ਆ ਸਕਦੀ । ਪਰ ਅਫਸਰਸਾਹੀ ਦੀ ਸਾਡੇ ਸੂਬੇ ਵਿਚ ਕੋਈ ਦਿਲਚਸਪੀ ਜਾਂ ਹਮਦਰਦੀ ਨਾ ਹੋਣ ਦੀ ਬਦੌਲਤ ਅਤੇ ਇਥੋ ਦੇ ਸਾਧਨਾਂ ਗੱਡੀਆਂ, ਵੱਡੀਆ ਤਨਖਾਹਾਂ ਤੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਨਣ ਦੀ ਰੂਚੀ ਕਾਰਨ ਇਥੇ ਸੜਕਾਂ, ਗਲੀਆਂ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਨਿਜਾਮੀ ਪ੍ਰਬੰਧ ਹਰ ਤਰਫ ਫੇਲ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਮੇ ਮੁੱਖ ਸਕੱਤਰ, ਡੀਜੀਪੀ ਜੋ ਇਸ ਨਿਜਾਮੀ ਪ੍ਰਬੰਧ ਅਤੇ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖ ਸਕਦੇ ਹਨ, ਪਰ ਉਹ ਵੀ ਦੂਸਰੀ ਅਫਸਰਸਾਹੀ ਦੀ ਤਰ੍ਹਾਂ ਆਨੰਦ ਲੈਣ ਵਿਚ ਮਸਰੂਫ ਹਨ । ਇਹੀ ਵਜਹ ਹੈ ਕਿ ਉਪਰਲੇ ਮੁੱਖ ਅਫਸਰਾਂ ਤੋ ਲੈਕੇ ਹੇਠਾ ਪਟਵਾਰੀਆ ਤੱਕ ਸਭ ਅਫਸਰਸਾਹੀ ਆਪਣੀਆ ਜਿੰਮੇਵਾਰੀਆ ਪ੍ਰਤੀ ਅਵੇਸਲੀ ਹੋਈ ਬੈਠੀ ਹੈ ਜਿਸਦੀ ਬਦੌਲਤ ਹਾਲਾਤ ਹੋਰ ਵੀ ਵਿਸਫੋਟਕ ਬਣਦੇ ਜਾ ਰਹੇ ਹਨ । ਜੇਕਰ ਇਸ ਦਿਸਾ ਵੱਲ ਕੋਈ ਸਹੀ ਅਮਲ ਨਾ ਕੀਤਾ ਗਿਆ ਤਾਂ ਪੰਜਾਬ ਸੂਬੇ ਦੇ ਹਾਲਾਤ ਹੋਰ ਵੀ ਬਦਤਰ ਬਣ ਜਾਣਗੇ ਜਿਸ ਲਈ ਮੌਜੂਦਾ ਆਮ ਆਦਮੀ ਪਾਰਟੀ ਨਾਲ ਸੰਬੰਧਤ ਵਜੀਰ ਤੇ ਅਫਸਰਸਾਹੀ ਜਿੰਮੇਵਾਰ ਹੋਵੇਗੀ ।












