ਨਵੀਂ ਦਿੱਲੀ 12 ਫਰਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਰਵਨੀਤ ਬਿੱਟੂ ਬੀਤੇ ਤੋ ਕੁੱਝ ਸਬਕ ਸਿੱਖੇ। ਜੇ ਬਾਬੇ ਦੇ ਨਕਸ਼ੇ ਕਦਮਾਂ ਤੇ ਚੱਲਣਾ ਹੈ ਤਾਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਵਾਰਸਾਂ ਨੂੰ ਨਾ ਭੁੱਲੇ ਅਤੇ ਜ਼ੇਕਰ ਦਿੱਲੀ ਦੇ ਤਖ਼ਤ ਦੀ ਸਿੱਖਾਂ ਦੇ ਖੂਨ ਨਾਲ ਖੇਡਣਾ ਫ਼ਿਤਰਤ ਹੈ ਤਾਂ ਸਿੱਖਾਂ ਨੂੰ ਵੀ ਬੰਦ ਬੰਦ ਕਟਾਉਣਾ, ਖੋਪਰ ਲਹਾਉਣੇ ਵਿਰਸੇ ਚ ਮਿਲਿਆ ਹੋਇਆ ਹੈ ਜਿਸਦਾ ਪ੍ਰਮਾਣ ਸਾਡਾ ਲਹੂ ਭਿੱਜਿਆ ਇਤਿਹਾਸ ਹੈ । ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਫਰਾਂਸ ਭਾਈ ਕਸ਼ਮੀਰ ਸਿੰਘ ਗੋਸਲ, ਭਾਈ ਰਘਬੀਰ ਸਿੰਘ ਕੋਹਾੜ, ਭਾਈ ਸੁਖਦੇਵ ਸਿੰਘ ਖਾਲੂ, ਬੈਲਜੀਅਮ ਭਾਈ ਮਨਜੋਤ ਸਿੰਘ ਭੂਰਾ, ਭਾਈ ਪ੍ਰਿਥੀਪਾਲ ਸਿੰਘ ਪਟਵਾਰੀ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਭਾਜਪਾ ਵੱਲੋ ਪੰਜਾਬ ਚ ਸਿੱਖ ਨੌਜਵਾਨੀ ਨੂੰ ਗੈਗਸਟਰਾਂ ਦੀ ਆੜ ਚ ਮਾਰਨ ਜਾਂ ਜੇਲ੍ਹਾਂ ਚ ਨਜ਼ਰਬੰਦ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ ਜਿਸ ਦਾ ਖੁਲਾਸਾ ਬਿੱਟੂ ਨੇ ਸੋਸਲ ਮੀਡੀਆ ਚ ਕੀਤਾ ਹੈ। ਇਹ ਕੋਈ ਦਿੱਲੀ ਦਰਬਾਰ ਦਾ ਪਹਿਲਾ ਵਰਤਾਰਾ ਨਹੀਂ। ਜੇ ਦਿੱਲੀ ਦਰਬਾਰ ਨੂੰ ਸਿੱਖਾਂ ਦੇ ਖੂਨ ਨਾਲ ਖੇਡਣਾ ਉਹਨਾਂ ਦੀ ਫ਼ਿਤਰਤ ਹੈ ਤਾਂ ਸਿੱਖ ਇਤਿਹਾਸ ਨੂੰ ਯਾਦ ਰੱਖਣ ਸਿੱਖਾਂ ਨੂੰ ਵੀ ਜ਼ੁਲਮ ਦੇ ਜਾਲਮ ਨਾਲ ਜੂਝਣਾ, ਬੰਦ ਬੰਦ ਕਟਵਾਉਣਾ, ਖੋਪਰ ਲਹਾਉਣੇ ਵੀ ਵਿਰਸੇ ਚੋਂ ਮਿਲਿਆ ਹੋਇਆ ਹੈ । ਸਿੱਖਾਂ ਅਤੇ ਸਿੱਖੀ ਪ੍ਰਤੀ ਨਫਰਤ, ਜ਼ਹਿਰ ਉਗਲਣ ਦੀ ਵਿਰਤੀ ਦਾ ਮਾਲਕ ਰਵਨੀਤ ਬਿੱਟੂ ਵੱਲੋਂ ਜੋ ਜ਼ਹਿਰ ਉੱਗਲ ਰਿਹਾ ਹੈ ਓਹ ਭੁਲਣਯੋਗ ਨਹੀਂ ਹੈ । ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਪਟੀਸਨ ਦਿੱਲੀ ਸਰਕਾਰ ਵੱਲੋਂ ਖਾਰਜ ਕਰਨਾ ਵੀ ਭਾਜਪਾ ਵੱਲੋਂ ਸਿੱਖਾਂ ਪ੍ਰਤੀ ਨਫ਼ਰਤ ਵਾਲੇ ਵਤੀਰੇ ਨੂੰ ਸਾਫ਼ ਜ਼ਾਹਰ ਕਰਦਾ ਹੈ। ਭਾਰਤ ਚ ਵੱਸਦੇ ਸਿੱਖਾਂ ਨੂੰ ਭਾਜਪਾ ਦੀ ਕੁਟਲਨੀਤੀ ਨੂੰ ਸਮਝਣ ਦੀ ਅੱਜ ਦੇ ਹਾਲਤਾਂ ਚ ਬਹੁਤ ਜ਼ਰੂਰਤ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ, ਹਜ਼ੂਰ ਸਾਹਿਬ , ਨੰਦੇੜ ਸਾਹਿਬ, ਦਿੱਲੀ, ਹਰਿਆਣਾ , ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਚ ਦਖਲਅੰਦਾਜ਼ੀ ਕਰ ਸਿੱਧੇ ਤੌਰ ਅਪਣੇ ਹੱਥਾਂ ਚ ਲੈਣਾ ਸਿੱਖਾਂ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਭਾਜਪਾ ਨੇ ਸਿੱਖਾਂ ਦਾ ਧਾਰਮਿਕ, ਸਮਾਜਿਕ ਤੇ ਆਰਥਿਕ ਨੁਕਸਾਨ ਕਰਨ ਲਈ ਸਿੱਖ ਚੇਹਰੇ ਬਾਦਲ, ਗਰੇਵਾਲ, ਕਾਲਕਾ, ਸਿਰਸਾ ਨੂੰ ਵਰਤਿਆ ਗਿਆ ਹੈ। ਮੌਜੂਦਾ ਸਮੇਂ ਰਵਨੀਤ ਬਿੱਟੂ ਭਾਜਪਾ ਦੀ ਕਠਪੁਤਲੀ ਬਣਿਆ ਹੋਇਆ ਹੈ ਜਿਸ ਤੋਂ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ।












