ਸੰਗਤ ਦੇ ਧੀਰਜ ਦੀ ਪਰਖ ਬੰਦ ਕਰੋ — ਇਨਸਾਫ ਤੁਰੰਤ ਦਿਓ
ਮੋਹਾਲੀ 13 ਫਰਵਰੀ ,ਬੋਲੇ ਪੰਜਾਬ ਬਿਊਰੋ;
ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ ਚੁੱਕੇ ਭਾਈ ਜਤਿੰਦਰਪਾਲ ਸਿੰਘ ਜੇਪੀ ਵੱਲੋਂ ਜਾਰੀ ਇਸ ਪ੍ਰੈਸ ਨੋਟ ਰਾਹੀਂ ਇੱਕ ਬਹੁਤ ਹੀ ਗੰਭੀਰ ਅਤੇ ਸੰਗਤ ਨਾਲ ਜੁੜੇ ਮਸਲੇ ‘ਤੇ ਸਪਸ਼ਟ ਅਤੇ ਦ੍ਰਿੜ੍ਹ ਰੁਖ ਪ੍ਰਗਟ ਕੀਤਾ ਗਿਆ ਹੈ।
ਭਾਈ ਜੇਪੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਸ੍ਰ. ਕੁਲਵੰਤ ਸਿੰਘ ਮਨੰਣ ਨੂੰ ਲਿਖਤੀ ਸ਼ਿਕਾਇਤ/ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਿਸ਼ਾਹੀ ਸੱਤਵੀਂ (ਫੇਸ-8, ਮੋਹਾਲੀ) ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਵੱਲੋਂ ਗੁਰਦੁਆਰਾ ਸਾਹਿਬ ਦੀ ਕਰੋੜਾਂ ਰੁਪਏ ਮੁੱਲ ਦੀ ਕੀਮਤੀ ਜ਼ਮੀਨ ਕੋਡੀਆਂ ਦੇ ਭਾਅ ਵੇਚਣ ਦੇ ਮਾਮਲੇ ਦੀ ਉੱਚ ਪੱਧਰੀ, ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਸ਼ਿਕਾਇਤ ਵਿੱਚ ਸਪਸ਼ਟ ਤੌਰ ‘ਤੇ ਉੱਚ ਪੱਧਰੀ ਜਾਂਚ ਕਮੇਟੀ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਜਾਂ ਦਬਾਅ ਜਾਂਚ ‘ਤੇ ਨਾ ਪਏ।
ਭਾਈ ਜੇਪੀ ਨੇ ਦੱਸਿਆ ਕਿ ਐੱਫਆਈਆਰ ਦਰਜ ਹੋ ਚੁੱਕੀ ਹੈ ਅਤੇ ਜਾਂਚ ਕਮੇਟੀ ਵੀ ਗਠਿਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਮੁੱਖ ਸਕੱਤਰ ਸ੍ਰ. ਕੁਲਵੰਤ ਸਿੰਘ ਮਨੰਣ ਵੱਲੋਂ ਉਨ੍ਹਾਂ ਨੂੰ ਬਕਾਇਦਾ ਦਫ਼ਤਰ ਬੁਲਾ ਕੇ, ਸ਼ਿਕਾਇਤਕਰਤਾ ਹੋਣ ਦੇ ਨਾਤੇ, ਵਿਸਥਾਰਪੂਰਵਕ ਬਿਆਨ ਦਰਜ ਕੀਤੇ ਗਏ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਗ਼ਲਤੀ ਨਹੀਂ, ਸਗੋਂ ਗੁਰਦੁਆਰਾ ਸਾਹਿਬ ਦੀ ਪਵਿੱਤਰ ਸੰਪਤੀ ਅਤੇ ਸੰਗਤ ਦੀ ਅਮਾਨਤ ਨਾਲ ਜੁੜਿਆ ਹੋਇਆ ਮਾਮਲਾ ਹੈ। ਇਸਦੇ ਬਾਵਜੂਦ ਮੁੱਖ ਮੁਲਜ਼ਮ ਰਜਿੰਦਰ ਸਿੰਘ ਟੌਹੜਾ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਨਿਆਂ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕਰਦਾ ਹੈ।
ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ:
“ਜਦੋਂ ਐੱਫਆਈਆਰ ਦਰਜ ਹੈ, ਬਿਆਨ ਰਿਕਾਰਡ ਹੋ ਚੁੱਕੇ ਹਨ ਅਤੇ ਪੱਕੇ ਦਸਤਾਵੇਜ਼ ਪ੍ਰਸ਼ਾਸਨ ਕੋਲ ਮੌਜੂਦ ਹਨ, ਤਾਂ ਫਿਰ ਗ੍ਰਿਫ਼ਤਾਰੀ ਵਿੱਚ ਦੇਰੀ ਕਿਉਂ? ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਸੰਗਤ ਦੇ ਭਰੋਸੇ ਨਾਲ ਖੇਡਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।”
ਉਨ੍ਹਾਂ ਨੇ ਮੰਗ ਕੀਤੀ ਕਿ ਮੁਲਜ਼ਮ ਦੇ ਦੇਸ਼ ਛੱਡਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਤੁਰੰਤ ਐਲਓਸੀ (Look Out Circular) ਜਾਰੀ ਕੀਤਾ ਜਾਵੇ, ਤਾਂ ਜੋ ਕੋਈ ਵੀ ਵਿਅਕਤੀ ਕਾਨੂੰਨੀ ਕਾਰਵਾਈ ਤੋਂ ਬਚ ਨਾ ਸਕੇ।
ਭਾਈ ਜੇਪੀ ਨੇ ਇਹ ਵੀ ਮੰਗ ਕੀਤੀ ਕਿ ਬਣੀ ਜਾਂਚ ਕਮੇਟੀ ਦੀ ਪੂਰੀ ਕਾਰਵਾਈ ਪਾਰਦਰਸ਼ੀ ਬਣਾਈ ਜਾਵੇ। ਹੁਣ ਤੱਕ ਕੀ ਕਾਰਵਾਈ ਹੋਈ ਹੈ, ਇਸ ਦੀ ਵਿਸਥਾਰਪੂਰਵਕ ਜਾਣਕਾਰੀ ਸੰਗਤ ਸਾਹਮਣੇ ਜਨਤਕ ਕੀਤੀ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਅੱਗੇ ਕਿਹੜੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਦਮ ਚੁੱਕੇ ਜਾ ਰਹੇ ਹਨ। ਪਿੰਡ ਦੇ ਹੋਰ ਸੰਬੰਧਿਤ ਸ਼ਿਕਾਇਤਕਰਤਿਆਂ ਨੂੰ ਵੀ ਇਸ ਜਾਂਚ ਪ੍ਰਕਿਰਿਆ ਵਿੱਚ ਬਕਾਇਦਾ ਤੌਰ ‘ਤੇ ਸ਼ਾਮਲ ਕੀਤਾ ਜਾਵੇ, ਤਾਂ ਜੋ ਨਿਆਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਅਤੇ ਭਰੋਸੇਯੋਗ ਬਣੇ।
ਇਸ ਸੰਬੰਧ ਵਿੱਚ ਭਾਈ ਜਤਿੰਦਰਪਾਲ ਸਿੰਘ ਜੇਪੀ ਵੱਲੋਂ ਹੇਠ ਲਿਖੀਆਂ ਸਪਸ਼ਟ ਅਤੇ ਅਡੋਲ ਮੰਗਾਂ ਰੱਖੀਆਂ ਗਈਆਂ ਹਨ:
1. ਰਜਿੰਦਰ ਸਿੰਘ ਟੌਹੜਾ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।
2. ਸਾਰੇ ਸੰਬੰਧਿਤ ਮੁਲਜ਼ਮਾਂ ਵਿਰੁੱਧ ਤੁਰੰਤ ਐਲਓਸੀ ਜਾਰੀ ਕੀਤਾ ਜਾਵੇ।
3. ਬਣੀ ਜਾਂਚ ਕਮੇਟੀ ਨਿਰਧਾਰਿਤ ਸਮੇਂ ਅੰਦਰ ਆਪਣੀ ਰਿਪੋਰਟ ਜਨਤਕ ਕਰੇ ਅਤੇ ਸਾਰੀ ਸੰਗਤ ਨੂੰ ਅਵਗਤ ਕਰਵਾਇਆ ਜਾਵੇ ਕਿ ਹੁਣ ਤੱਕ ਕੀ ਕਾਰਵਾਈ ਹੋਈ ਹੈ ਅਤੇ ਅੱਗੇ ਕੀ ਹੋਣਾ ਹੈ।
4. ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਜੋੜ ਮੇਲੇ ਮੌਕੇ ਹੋਏ ਸਾਰੇ ਖਰਚਿਆਂ ਦੀ ਪੂਰੀ ਜਾਂਚ ਅਤੇ ਸੁਤੰਤਰ ਆਡਿਟ ਕਰਵਾਈ ਜਾਵੇ।
5. ਸਥਾਨਕ ਆਗੂਆਂ/ਲੀਡਰਾਂ ਦੀ ਸੰਭਾਵਿਤ ਮਿਲੀਭੁਗਤ ਦੀ ਵਿਸਥਾਰਪੂਰਵਕ ਇਨਕੁਆਰੀ ਕਰਕੇ ਦੋਸ਼ੀ ਸਾਬਤ ਹੋਣ ‘ਤੇ ਸਖ਼ਤ ਅਤੇ ਉਦਾਹਰਣਯੋਗ ਕਾਰਵਾਈ ਕੀਤੀ ਜਾਵੇ।
ਅੰਤ ਵਿੱਚ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਇਹ ਲੜਾਈ ਕਿਸੇ ਨਿੱਜੀ ਵਿਰੋਧ ਦੀ ਨਹੀਂ, ਸਗੋਂ ਸੰਸਥਾ ਦੀ ਪਵਿੱਤਰਤਾ, ਪਾਰਦਰਸ਼ਤਾ ਅਤੇ ਸੰਗਤ ਦੇ ਅਟੱਲ ਭਰੋਸੇ ਦੀ ਰੱਖਿਆ ਦੀ ਹੈ। ਜੇਕਰ ਇਨਸਾਫ ਵਿੱਚ ਹੋਰ ਦੇਰੀ ਕੀਤੀ ਗਈ ਤਾਂ ਸੰਗਤ ਦੇ ਸਹਿਯੋਗ ਨਾਲ ਕਾਨੂੰਨੀ ਅਤੇ ਲੋਕਤੰਤਰਕ ਢੰਗ ਨਾਲ ਅਗਲੇ ਕਦਮ ਚੁੱਕੇ ਜਾਣਗੇ।












