ਜੱਗੀ ਜੋਹਲ ਦੀ 59ਵੀ ਟ੍ਰਾਇਲ ਪੇਸ਼ੀ ਅਤੇ 3024 ਦਿਨਾਂ ਤੇ ਪੁਜੀ ਮਨਮਾਨੀ ਨਜ਼ਰਸ਼ਾਨੀ
ਨਵੀਂ ਦਿੱਲੀ 13 ਫਰਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਦਿੱਲੀ ਦੀ ਤਿਹਾੜ ਅਤੇ ਮੰਡੋਲੀ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰਾਂ ਨੂੰ ਉਨ੍ਹਾਂ ਉਪਰ ਨਾਮਜਦ ਕੀਤੇ ਗਏ 8 ਕੇਸਾਂ ਅਧੀਨ ਦਿੱਲੀ ਦੀ ਇਕ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ । ਇਹ ਉਨ੍ਹਾਂ ਦੀ ਅਦਾਲਤ ਅੰਦਰ 59 ਵੀ ਟ੍ਰਾਇਲ ਪੇਸ਼ੀ ਸੀ। ਜਿਕਰਯੋਗ ਹੈ ਕਿ ਇਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਤ ਸਨ ਪਰ ਦੇਸ਼ ਦੀ ਐਨਆਈਏ ਨੇ ਆਪਣੇ ਰਸ਼ੂਖ ਵਰਤਦਿਆਂ ਵਕੀਲਾਂ ਅਤੇ ਪਰਿਵਾਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਇੰਨ੍ਹਾ ਨੂੰ ਦਿੱਲੀ ਤਬਦੀਲ ਕਰਵਾ ਦਿੱਤੇ ਸਨ । ਪਿਛਲੇ ਸਾਲ ਸਬੂਤਾਂ ਦੀ ਘਾਟ ਕਾਰਣ ਇਕ ਮਾਮਲੇ ਵਿਚ ਜੱਗੀ ਜੋਹਲ ਨੂੰ ਬਰੀ ਕੀਤਾ ਗਿਆ ਸੀ ਤੇ ਉੱਮੀਦ ਜਾਗੀ ਸੀ ਕਿ ਓਹ ਹੁਣ ਜਲਦ ਬਾਹਰ ਹੋਣਗੇ ਪਰ ਅੱਜ 3024 ਦਿਨਾਂ ਦੀ ਮਨਮਾਨੀ ਨਜ਼ਰਸ਼ਾਨੀ ਕਰਕੇ ਓਹ ਜੇਲ੍ਹ ਅੰਦਰ ਹੀ ਜਿੰਦਗੀ ਬਤੀਤ ਕਰ ਰਹੇ ਹਨ । ਅਦਾਲਤ ਅੰਦਰ ਇਕ ਸਰਕਾਰੀ ਗਵਾਹ ਪੇਸ਼ ਹੋਇਆ ਸੀ ਜਿਸ ਦੀ ਕਰਾਸਿੰਗ ਲਈ ਸਿੰਘਾਂ ਵਲੋਂ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਏਕਤਾ ਵਕੀਲ ਨੇ ਪੇਸ਼ ਹੋ ਕੇ ਉਨ੍ਹਾਂ ਕੋਲੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ । ਇਥੇ ਦਸਣਯੋਗ ਹੈ ਕਿ ਯੂਕੇ ਵਿਚ ਵੱਖ ਵੱਖ ਜੱਥੇਬੰਦੀਆਂ ਅਤੇ ਸੰਸਦ ਮੈਂਬਰ ਯੂਕੇ ਸਰਕਾਰ ਕੋਲੋਂ ਜੱਗੀ ਦੀ ਰਿਹਾਈ ਲਈ ਲੋੜੀਂਦੇ ਕਦਮ ਚੁੱਕਣ ਲਈ ਲਗਾਤਾਰ ਮੰਗ ਕਰ ਰਹੇ ਹਨ ਪਰ ਯੂਕੇ ਸਰਕਾਰ ਇਸ ਮਾਮਲੇ ਵਿਚ ਨਾਕਾਯਾਬ ਸਾਬਿਤ ਹੋ ਰਹੀ ਹੈ। ਬੀਤੇ ਦਿਨੀਂ ਐਮਪੀ ਡਗਲਸ ਮੈਕਐਲਿਸਟਰ ਨੇ ਜਗਤਾਰ ਦੀ ਮਨਮਾਨੀ ਨਜ਼ਰਬੰਦੀ ਦੇ ਮਾਮਲੇ ਨੂੰ ਸੰਸਦ ਵਿਚ ਉਠਾਦਿਆਂ ਕਿਹਾ ਕਿ ਇਹ ਕਾਫ਼ੀ ਨਿਰਾਸ਼ਾਜਨਕ ਹੈ ਕਿ ਵਿਦੇਸ਼ ਸਕੱਤਰ ਕੋਲ ਜੱਗੀ ਜੋਹਲ ਦੇ ਮਾਮਲੇ ਵਿਚ ਸਵਾਲ ਦਾ ਜਵਾਬ ਦੇਣ ਲਈ ਸ਼ਿਸ਼ਟਾਚਾਰ ਨਹੀਂ ਹੈ। ਯੂਕੇ ਦੇ ਸਿੱਖ ਐਮਪੀ ਜਸ ਸਿੰਘ ਅੱਠਵਾਲ ਨੇ ਕਿਹਾ ਜਦੋਂ ਉਸਨੂੰ ਪਿਛਲੇ ਸਾਲ ਮਾਰਚ ਵਿੱਚ ਉਸਦੇ ਵਿਰੁੱਧ ਲਗਾਏ ਗਏ 8 ਦੋਸ਼ਾਂ ਵਿੱਚੋਂ 1 ਤੋਂ ਬਰੀ ਕਰ ਦਿੱਤਾ ਗਿਆ ਸੀ, ਤਾਂ ਅਸਲ ਉਮੀਦ ਸੀ ਕਿ ਨਿਆਂ ਹੋਵੇਗਾ। ਪਰ ਇੱਕ ਸਾਲ ਬਾਅਦ, ਬਹੁਤ ਘੱਟ ਠੋਸ ਪ੍ਰਗਤੀ ਹੋਈ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਆਪਣੇ ਨਾਗਰਿਕਾਂ ਦਾ ਬਚਾਅ ਨਹੀਂ ਕਰ ਸਕਦੇ ਜੋ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਕੈਦ ਹਨ, ਤਾਂ ਅਸੀਂ ਸਿਧਾਂਤ ‘ਤੇ ਦ੍ਰਿੜ ਰਹਿਣ ਦੀ ਬਜਾਏ ਦੂਜਿਆਂ ਦੀਆਂ ਇੱਛਾਵਾਂ ਦੇ ਅਧੀਨ ਹੋਣ ਦਾ ਜੋਖਮ ਲੈਂਦੇ ਹਾਂ। ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਬਿੰਦਰਜੀਤ ਸਿੰਘ ਨੇ ਇਸ ਮਾਮਲੇ ਤੇ ਪ੍ਰਤੀਕਰਮ ਦੇਂਦਿਆ ਕਿਹਾ ਕਿ ਬ੍ਰਿਟਿਸ਼ ਨਾਗਰਿਕ ਜੱਗੀ ਜੋਹਲ ਨੂੰ ਭਾਰਤ ਵਿੱਚ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ। ਸੰਯੁਕਤ ਰਾਸ਼ਟਰ ਦੁਆਰਾ ਉਸਦੀ ਨਜ਼ਰਬੰਦੀ ਅਤੇ ਤਸ਼ੱਦਦ ਦੇ ਦੋਸ਼ਾਂ ਬਾਰੇ ਗੰਭੀਰ ਚਿੰਤਾਵਾਂ ਦੇ ਬਾਵਜੂਦ, ਜਗਤਾਰ ਸਿੰਘ ਜੌਹਲ ਨੂੰ ਪਿਛਲੇ 8 ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਨਿਰਪੱਖ ਮੁਕੱਦਮੇ ਦੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਦਾਲਤ ਅੰਦਰ ਚਲ ਰਹੇ ਮਾਮਲੇਆ ਨੂੰ ਜਲਦ ਖ਼ਤਮ ਕਰਣ ਲਈ ਲਗਾਤਾਰ ਪੇਸ਼ੀਆਂ ਉਲੀਕੀਆਂ ਜਾ ਰਹੀਆਂ ਹਨ ਜਿਸ ਕਰਕੇ ਅਗਲੀ ਸੁਣਵਾਈ 16, 18 ਅਤੇ 19 ਫਰਵਰੀ ਲਈ ਮੁਕਰਰ ਕੀਤੀ ਗਈ ਹੈ।












