ਜਾਂਚ ਪੜਤਾਲ ਟੀਮ ਨੇ ਉੱਚ ਸਿੱਖਿਆ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਬੀ ਪੀ ਈ ਓ ਖਿਲਾਫ ਕਾਰਵਾਈ ਲਈ ਲਿਖਿਆ
ਗੁਰਦਾਸਪੁਰ 16 ਫਰਵਰੀ ,ਬੋਲੇ ਪੰਜਾਬ ਬਿਊਰੋ;
ਪਿਛਲੇ ਪੰਜ ਮਹੀਨਿਆਂ ਤੋਂ ਸਿਖਿਆ ਵਿਭਾਗ ਦੇ ਬੀ ਪੀ ਈ ਓ ਕਾਦੀਆਂ 2 ਖਿਲਾਫ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਦੀ ਅਗਵਾਈ ਹੇਠ ਸੰਘਰਸ਼ ਕਰ ਰਹੀਆਂ ਪੀੜਤ ਪ੍ਰਾਇਮਰੀ ਸਕੂਲ ਅਧਿਆਪਕਾਵਾਂ ਨੂੰ ਇਨਸਾਫ ਮਿਲਣ ਦੀ ਆਸ ਵੱਜੀ ਹੈ। ਕਿਉਂਕਿ ਡੀ ਐਸ ਈ ਐਲੀਮੈਂਟਰੀ ਸਿੱਖਿਆ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਦੀ ਅਗਵਾਈ ਹੇਠ ਬਣੀ ਪੰਜ ਮੈਂਬਰੀ ਜਾਂਚ ਪੜਤਾਲ ਟੀਮ ਨੇ ਪੀੜਤ ਪ੍ਰਾਇਮਰੀ ਸਕੂਲ ਅਧਿਆਪਕਾਵਾਂ ਦੇ ਬਿਆਨਾਂ ਅਤੇ ਬੀ ਪੀ ਈ ਓ ਕਾਦੀਆਂ 2 ਖਿਲਾਫ ਲਾਏ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਜਾਂਚ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਬੂਰ ਪਿਆ ਹੈ। ਅਤੇ ਆਪਣੇ ਸਨਮਾਨ ਦੀ ਲੜਾਈ ਲੜ੍ਹ ਰਹੀਆਂ ਔਰਤਾਂ ਨੂੰ ਇਨਸਾਫ ਦੀ ਆਸ ਬੱਝੀ ਹੈ।। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਕੋਠੇ ਘੁਰਾਲਾ ਨੇ ਦੱਸਿਆ ਕਿ ਹੁਣ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਦੋਸ਼ੀ ਬੀ ਪੀ ਈ ਓ ਕਾਦੀਆਂ 2 ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕੋਈ ਅਧਿਕਾਰੀ ਇਹੋ ਜਿਹੀ ਔਰਤ ਮੁਲਾਜ਼ਮ ਵਿਰੋਧੀ ਹਰਕਤਾਂ ਨਾ ਕਰ ਸਕੇ।
ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਦਫਤਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਵੱਲੋਂ 22 ਫਰਵਰੀ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ। ਉਹਨਾਂ ਮੌਜੂਦਾ ਸਰਕਾਰ ਦੇ ਰਾਜਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੀੜਤ ਅਧਿਆਪਕਾਵਾਂ ਨੂੰ ਇਨਸਾਫ ਦਿਵਾਉਣ ਲਈ ਸਿਖਿਆ ਮੰਤਰੀ ਪੰਜਾਬ ਤੋਂ ਬੀ ਪੀ ਈ ਓ ਕਾਦੀਆਂ 2 ਖਿਲਾਫ ਕਾਰਵਾਈ ਕਰਵਾਉਣ ਲਈ ਅੱਗੇ ਆਉਣ ਨਹੀਂ ਤਾਂ ਜਥੇਬੰਦੀਆਂ ਨੂੰ ਮਜਬੂਰਨ ਆਪਣੇ ਸੰਘਰਸ਼ ਦੇ ਮੈਦਾਨ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਬਟਾਲਾ ਵਿਖੇ ਤਬਦੀਲ ਕਰਨਾ ਪਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਬਟਾਲਾ ਦੇ ਆਗੂਆਂ ਦੀ ਹੋਵੇਗੀ।












