ਸਿਵਲ ਸਰਜਨ ਵਲੋਂ ਟੈਲੀ-ਮਾਨਸ ਹੈਲਪਲਾਈਨ ਦਾ ਲਾਭ ਲੈਣ ਦੀ ਅਪੀਲ
ਫ਼ੋਨ ਕਰਨ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਜਾਂ ਉਨ੍ਹਾਂ ਦੇ ਸਾਕ-ਸਬੰਧੀਆਂ ਨੂੰ ਟੈਲੀ-ਮਾਨਸ ਹੈਲਪਲਾਈਨ ਦਾ ਲਾਭ ਲੈਣ ਦੀ ਮੁੜ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਲਈ ਇਹ ਹੈਲਪਲਾਈਨ ਬੇਹੱਦ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਟੋਲ ਫ੍ਰੀ ਹੈਲਪਲਾਈਨ ਨੰਬਰ 1800-89-14416 ਜਾਂ 14416 ਰਾਹੀਂ ਘਰ ਬੈਠੇ ਹੀ ਟੈਲੀ-ਮਾਨਸ ਸੇਵਾਵਾਂ ਕੀਤੀਆਂ ਜਾ ਸਕਦੀਆਂ ਹਨ। ਕਾਲਰ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮਾਨਸਿਕ ਤੰਦਰੁਸਤੀ ਵਿੱਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ 10 ਅਕਤੂਬਰ, 2022 ਨੂੰ ਟੈਲੀ-ਮਾਨਸ ਪ੍ਰਾਜੈਕਟ ਸ਼ੁਰੂ ਕੀਤਾ ਸੀ। ਟੈਲੀ-ਮਾਨਸ ਟੋਲ ਫ੍ਰੀ ਹੈਲਪਲਾਈਨ ਹੈ ਜੋ ਪੂਰੇ ਭਾਰਤ ਵਿੱਚ 24×7 ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ।
ਡਾ. ਜੈਨ ਨੇ ਦਸਿਆ ਕਿ ਟੈਲੀ-ਮਾਨਸ ਰਾਹੀਂ ਮਰੀਜ਼ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਦੇ ਹੱਲ ਲਈ ਮਨੋਚਿਕਿਤਸਕਾਂ, ਮਨੋਵਿਗਿਆਨੀਆਂ, ਸਲਾਹਕਾਰਾਂ, ਸਮਾਜ ਸੇਵਕਾਂ ਆਦਿ ਨਾਲ ਜੁੜ ਸਕਦੇ ਹਨ। ਇਹ ਸੇਵਾ 20+ ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ। ਸਿਹਤ ਅਧਿਕਾਰੀਆਂ ਨੇ ਆਖਿਆ ਕਿ ਇਹ ਪ੍ਰਾਜੈਕਟ ਦਿਮਾਗੀ ਰੋਗਾਂ ਦੇ ਹਰ ਤਰ੍ਹਾਂ ਦੇ ਮਰੀਜ਼ਾਂ ਲਈ ਵੱਡਾ ਉਪਰਾਲਾ ਹੈ। ਇਸ ਹੈਲਪਲਾਈਨ ਰਾਹੀਂ ਘਰ ਬੈਠੇ ਦਿਮਾਗੀ ਰੋਗੀ ਸਲਾਹ ਅਤੇ ਦਵਾਈ ਬਾਰੇ ਪੁੱਛ ਸਕਦੇ ਹਨ। ਮਰੀਜ਼ ਡਾਕਟਰ ਕੋਲ ਆਨਲਾਈਨ ਅਪੁਆਇੰਟਮੈਂਟ ਬੁੱਕ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਟੈਲੀ-ਮਾਨਸ ਦੀ ਆਪਣੀ ਮੋਬਾਈਲ ਐਪ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਇਕੱਲਤਾ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਫ਼ੋਨ ‘ਤੇ ਪ੍ਰਦਾਨ ਕੀਤਾ ਜਾਂਦਾ ਹੈ। ਟੈਲੀ ਮਾਨਸ ਲੋੜ ਪੈਣ ‘ਤੇ ਵਿਅਕਤੀਗਤ ਤੌਰ ‘ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਵੀਡੀਉ ਕਾਲ ਰਾਹੀ ਦਵਾਈ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।
ਉਨ੍ਹਾਂ ਦਸਿਆ ਕਿ ਟੈਲੀ-ਮਾਨਸ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਸ ਦੀ ਪੂਰੀ ਗੁਪਤਤਾ ਹੈ। ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਅਤੇ ਜਾਣਕਾਰੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਂਦਾ ਹੈ, ਜਿਸ ਨਾਲ ਲੋਕ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੀ ਸਮੱਸਿਆ ਖੁੱਲ੍ਹ ਕੇ ਸਾਂਝੀ ਕਰ ਸਕਦੇ ਹਨ।ਇਹ ਸੇਵਾ ਖ਼ਾਸ ਤੌਰ ‘ਤੇ ਪਿੰਡਾਂ ਅਤੇ ਦੂਰ-ਦੁਰੇਡੇ ਇਲਾਕਿਆਂ ਵਿੱਚ ਵਸਦੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ, ਜਿੱਥੇ ਮਾਨਸਿਕ ਸਿਹਤ ਸਬੰਧੀ ਗਿਆਨ ਦੀ ਘਾਟ ਹੁੰਦੀ ਹੈ। ਟੈਲੀ-ਮਾਨਸ ਰਾਹੀਂ ਹੁਣ ਭੂਗੋਲਿਕ ਦੂਰੀ ਮਾਨਸਿਕ ਸਿਹਤ ਸੇਵਾਵਾਂ ਵਿੱਚ ਰੁਕਾਵਟ ਨਹੀਂ ਰਹੀ।ਟੈਲੀ-ਮਾਨਸ ਨੌਜਵਾਨਾਂ, ਵਿਦਿਆਰਥੀਆਂ, ਕੰਮਕਾਜੀ ਵਰਗ, ਔਰਤਾਂ, ਬਜ਼ੁਰਗਾਂ ਅਤੇ ਸੰਵੇਦਨਸ਼ੀਲ ਵਰਗਾਂ ਲਈ ਸੁਰੱਖਿਅਤ ਸਹਾਰਾ ਬਣ ਕੇ ਉਭਰੀ ਹੈ।












