ਨਵੀਂ ਦਿੱਲੀ, 18 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਦਿੱਲੀ ਦੇ ਪੰਜਾਬ ਭਵਨ ਵਿਖੇ ਜੋ ਪੰਜਾਬੀ ਲੇਖਕਾ ਦੀਆਂ ਤਸਵੀਰਾਂ ਨੂੰ ਸਨਮਾਨ ਸਹਿਤ ਕੰਧਾਂ ਉਤੇ ਪ੍ਰਕਾਸਿਤ ਕੀਤਾ ਗਿਆ ਹੈ, ਜੇਕਰ ਇਸ ਨੂੰ ਪੰਜਾਬੀਅਤ ਅਤੇ ਸਿੱਖੀ ਸੋਚ ਦੇ ਬਿਨ੍ਹਾਂ ਤੇ ਦੇਖਿਆ ਜਾਵੇ ਤਾਂ ਇਨ੍ਹਾਂ ਸਮੁੱਚੇ 20 ਲੇਖਕਾ ਦੀਆਂ ਲੱਗੀਆ ਫੋਟੋਆਂ ਵਿਚ ਸਭ ਸਿੱਖ ਹੀ ਹਨ, ਕੋਈ ਵੀ ਹਿੰਦੂ ਲੇਖਕ, ਵਿਦਵਾਨ ਨਹੀ ਹੈ । ਜਿਸ ਤੋ ਇਹ ਸੌਖਿਆ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੋ ਪੰਜਾਬ ਦੇ ਹਿੰਦੂ ਵਿਦਵਾਨ, ਲੇਖਕ ਹਨ, ਉਹ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਵਿਰਸੇ-ਵਿਰਾਸਤ ਨੂੰ ਤਿਲਾਜ਼ਲੀ ਦੇ ਚੁੱਕੇ ਹਨ। ਜੋ ਅਤਿ ਅਫਸੋਸਨਾਕ ਅਤੇ ਆਪਣੀ ਮਾਂ ਬੋਲੀ ਨਾਲ ਵੱਡੀ ਬੇਇਨਸਾਫ਼ੀ ਕਰਨ ਵਾਲੀ ਕਾਰਵਾਈ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੇ ਪੰਜਾਬ ਭਵਨ ਵਿਖੇ ਪੰਜਾਬੀ ਲੇਖਕਾ ਦੀਆਂ ਲੱਗੀਆ ਤਸਵੀਰਾਂ ਵਿਚ ਸਭ ਸਿੱਖ ਲੇਖਕ ਤੇ ਵਿਦਵਾਨ ਹੀ ਹਨ ਕੋਈ ਵੀ ਹਿੰਦੂ ਵਿਦਵਾਨ ਤੇ ਲੇਖਕ ਦੀ ਤਸਵੀਰ ਨਾ ਹੋਣ ਤੇ ਹਿੰਦੂ ਲੇਖਕਾ ਵੱਲੋ ਪੰਜਾਬੀ ਬੋਲੀ, ਵਿਰਸੇ-ਵਿਰਾਸਤ ਨੂੰ ਪੂਰਨ ਰੂਪ ਵਿਚ ਤਿਲਾਜ਼ਲੀ ਦੇਣ ਦੇ ਹੋਏ ਦੁੱਖਦਾਇਕ ਅਮਲਾਂ ਤੇ ਗਹਿਰਾ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀ ਪੰਜਾਬੀ ਹਿੰਦੂ ਵੀਰਾਂ, ਵਿਦਵਾਨਾਂ ਨੂੰ ਗੰਭੀਰਤਾ ਨਾਲ ਸਮਝਾਉਣਾ ਚਾਹੁੰਦੇ ਹਾਂ ਕਿ ਆਪ ਪੰਜਾਬੀ ਬੋਲੀ, ਵਿਰਸੇ-ਵਿਰਾਸਤ, ਸੱਭਿਆਚਾਰ ਤੋ ਦੂਰ ਨਾ ਜਾਵੋ ਕਿਉਂਕਿ ਇਸ ਨਾਲ ਆਉਣ ਵਾਲੇ ਸਮੇ ਵਿਚ ਆਪਣੀਆ ਪੰਜਾਬੀ ਨਸ਼ਲਾਂ, ਸੱਭਿਆਚਾਰ ਦਾ ਵੱਡਾ ਨੁਕਸਾਨ ਹੋ ਜਾਵੇਗਾ । ਉਦਾਹਰਣ ਦੇ ਤੌਰ ਤੇ ਅਸੀ ਘਿਓ ਨੂੰ ਪੰਜਾਬੀ ਵਿਚ ਘਿਓ, ਘੋੜਾ ਜਾਂ ਘੁੱਗੀ ਲਿਖਦੇ ਹਾਂ । ਜੇਕਰ ਇਸ ਨੂੰ ਹਿੰਦੀ ਵਿਚ ਲਿਖਣਾ ਹੋਵੇ ਤਾਂ ਉਸਦਾ ਵਿਆਕਰਣ ਅਰਥ ਕਦੀ ਵੀ ਸਾਡੀ ਬੋਲੀ ਦੀ ਭਾਵਨਾ ਨੂੰ ਸਹੀ ਰੂਪ ਵਿਚ ਪ੍ਰਗਟ ਹੀ ਨਹੀ ਕਰ ਸਕਣਗੇ । ਇਸ ਲਈ ਸਾਡੀ ਪੰਜਾਬ ਵਿਚ ਵੱਸਣ ਵਾਲੇ ਸਭ ਹਿੰਦੂ ਵੀਰਾਂ, ਭੈਣਾਂ ਅਤੇ ਲੇਖਕਾ, ਵਿਦਵਾਨਾਂ ਨੂੰ ਇਹ ਅਪੀਲ ਹੈ ਕਿ ਉਹ ਆਪਣੀ ਪੰਜਾਬੀ ਬੋਲੀ ਨੂੰ ਅਮਲੀ ਰੂਪ ਵਿਚ ਅਪਣਾਉਣ ਅਤੇ ਇਸ ਨੂੰ ਹਰ ਖੇਤਰ ਵਿਚ ਪ੍ਰਫੁੱਲਿਤ ਕਰਨ ਲਈ ਉਦਮ ਕਰਨ। ਸ. ਮਾਨ ਨੇ ਸਮੁੱਚੇ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਹਾਰਦਿਕ ਸੱਦਾ ਦਿੰਦੇ ਹੋਏ ਕਿਹਾ ਕਿ ਅਸੀ 24 ਫਰਵਰੀ ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ, ਖਡੂਰ ਸਾਹਿਬ ਵਿਖੇ ਪੰਜਾਬੀ ਬੋਲੀ ਉਤੇ ਸੈਮੀਨਰ ਕਰਵਾ ਰਹੇ ਹਾਂ । ਜਿਸ ਵਿਚ ਉਹ ਪੂਰੇ ਉਤਸਾਹ ਤੇ ਪੰਜਾਬੀਅਤ ਕੌਮੀਅਤ ਦੀ ਭਾਵਨਾ ਨੂੰ ਲੈਕੇ ਸਮੂਲੀਅਤ ਵੀ ਕਰਨ ਅਤੇ ਪੰਜਾਬੀ ਬੋਲੀ, ਪੰਜਾਬੀਅਤ, ਵਿਰਸੇ-ਵਿਰਾਸਤ ਨੂੰ ਧੂਰ ਅੰਦਰੋ ਪਿਆਰ ਕਰਦੇ ਹੋਏ ਪ੍ਰਫੁੱਲਿਤ ਕਰਨ ਵਿਚ ਆਪਣਾ ਨਿੱਘਾ ਯੋਗਦਾਨ ਵੀ ਪਾਉਣ ।












