ਨਸ਼ਾਖ਼ੋਰੀ, ਚਿੰਤਾ, ਪਰਿਵਾਰਕ ਮਸਲਿਆਂ ਆਦਿ ਬਾਰੇ ਲਈ ਜਾ ਸਕਦੀ ਹੈ ਡਾਕਟਰ ਦੀ ਸਲਾਹ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਹੁਣ ਸਿਹਤ ਵਿਭਾਗ ਦੀ ਹੈਲਪਲਾਈਨ ਰਾਹੀਂ ਘਰ ਬੈਠੇ ਹੀ ਡਾਕਟਰ ਦਾ ਸਲਾਹ-ਮਸ਼ਵਰਾ ਲੈ ਸਕਦੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਰਕਾਰ ਵੱਲੋਂ ਟੋਲ ਫ਼ਰੀ ਹੈਲਪਲਾਈਨ 1800-89-14416 ਜਾਂ 14416 ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਟੈਲੀ ਮਾਨਸ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਹੈਲਪਲਾਈਨ ਮਾਨਸਿਕ ਰੋਗੀਆਂ ਲਈ ਬੇਹੱਦ ਲਾਹੇਵੰਦ ਹੈ, ਜਿਸ ਦਾ ਬਿਨਾਂ ਕਿਸੇ ਖਰਚੇ ਘਰ ਬੈਠੇ ਹੀ ਫ਼ਾਇਦਾ ਲਿਆ ਜਾ ਸਕਦਾ ਹੈ। ਇਸ ਹੈਲਪਲਾਈਨ ਰਾਹੀਂ ਹਰ ਤਰ੍ਹਾਂ ਦੇ ਮਾਨਸਿਕ ਰੋਗਾਂ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਇਕੱਲਤਾ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਫੋਨ ‘ਤੇ ਪ੍ਰਦਾਨ ਕੀਤਾ ਜਾਂਦਾ ਹੈ।
ਟੈਲੀ-ਮਾਨਸ ਲੋੜ ਪੈਣ ‘ਤੇ ਵਿਅਕਤੀਗਤ ਤੌਰ ‘ਤੇ ਸੇਵਾਵਾਂ ਵੀ ਉਪਲਬਧ ਕਰਵਾਉਂਦਾ ਹੈ। ਵੀਡੀਓ ਕਾਲ ਰਾਹੀਂ ਦਵਾਈ ਅਤੇ ਇਲਾਜ ਸਬੰਧੀ ਜਾਣਕਾਰੀ ਵੀ ਲਈ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ 10 ਅਕਤੂਬਰ 2022 ਨੂੰ ਟੈਲੀ ਮਾਨਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਟੋਲ ਫ੍ਰੀ ਹੈਲਪਲਾਈਨ ਪੂਰੇ ਭਾਰਤ ਵਿੱਚ 24×7 ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸੇਵਾ ਰਾਹੀਂ ਮਰੀਜ਼ ਮਨੋਚਿਕਿਤਸਕਾਂ, ਮਨੋਵਿਗਿਆਨੀਆਂ, ਸਲਾਹਕਾਰਾਂ ਅਤੇ ਸਮਾਜ ਸੇਵਕਾਂ ਨਾਲ ਜੁੜ ਸਕਦੇ ਹਨ। ਇਹ ਸੇਵਾ 20 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ। ਮਰੀਜ਼ ਆਨਲਾਈਨ ਅਪੁਆਇੰਟਮੈਂਟ ਵੀ ਬੁੱਕ ਕਰਵਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਟੈਲੀ-ਮਾਨਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਪੂਰੀ ਗੁਪਤਤਾ ਹੈ। ਕਾਲ ਕਰਨ ਵਾਲੇ ਦੀ ਪਛਾਣ ਅਤੇ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਂਦੀ ਹੈ, ਜਿਸ ਨਾਲ ਲੋਕ ਬਿਨਾਂ ਡਰ ਜਾਂ ਝਿਜਕ ਦੇ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹਨ।
ਇਹ ਸੇਵਾ ਖ਼ਾਸ ਤੌਰ ‘ਤੇ ਪਿੰਡਾਂ ਅਤੇ ਦੂਰ-ਦੁਰੇਡੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਟੈਲੀ-ਮਾਨਸ ਰਾਹੀਂ ਹੁਣ ਭੂਗੋਲਿਕ ਦੂਰੀ ਮਾਨਸਿਕ ਸਿਹਤ ਸੇਵਾਵਾਂ ਵਿੱਚ ਰੁਕਾਵਟ ਨਹੀਂ ਰਹੀ। ਨੌਜਵਾਨਾਂ, ਵਿਦਿਆਰਥੀਆਂ, ਕੰਮਕਾਜੀ ਵਰਗ, ਔਰਤਾਂ, ਬਜ਼ੁਰਗਾਂ ਅਤੇ ਸੰਵੇਦਨਸ਼ੀਲ ਵਰਗਾਂ ਲਈ ਇਹ ਸੇਵਾ ਸੁਰੱਖਿਅਤ ਸਹਾਰਾ ਬਣ ਕੇ ਉਭਰੀ ਹੈ।











