ਐਸ ਐਲ ਏ ਕਰਮਚਾਰੀਆਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀਆਂ ਲੱਗ ਰਹੀਆਂ ਡਿਊਟੀਆਂ ਦਾ ਕੀਤਾ ਡਟਵਾਂ ਵਿਰੋਧ

ਪੰਜਾਬ

ਸ਼੍ਰੀ ਅਨੰਦਪੁਰ ਸਾਹਿਬ 25 ਫਰਵਰੀ ,ਬੋਲੇ ਪੰਜਬ ਬਿਊਰੋ;

ਅੱਜ ਮਿਤੀ 25-02-26 ਨੂੰ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਆਨ ਲਾਇਨ ਮੀਟਿੰਗ ਸੂਬਾ ਪ੍ਰਧਾਨ ਸ੍ਰ ਪਤਵੰਤ ਸਿੰਘ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ 2022 ਵਿੱਚ ਮੁੱਖ ਤੌਰ ਤੇ ਤਿੰਨ ਗਰੰਟੀਆਂ ਸਿੱਖਿਆ, ਸਿਹਤ ਅਤੇ ਨਸ਼ੇ ਦੇ ਖਾਤਮੇ ਦੇ ਵਾਅਦਿਆਂ ਨਾਲ ਸੱਤਾ ਵਿੱਚ ਆਈ, ਜਿਹਨਾਂ ਵਿੱਚੋਂ ਤਿੰਨਾਂ ਮਸਲਿਆਂ ਵਿੱਚ ਚਾਰ ਸਾਲ ਬੀਤਣ ਉਪਰੰਤ ਵੀ ਸਰਕਾਰ ਫੇਲ ਸਾਬਿਤ ਹੋਈ ਹੈ। ਪਹਿਲਾਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ ਸਪੈਸ਼ਲ ਇੰਟੈਨਸਿਵ ਰਿਵਿਸ਼ਨ (SIR) ਦੀ ਤਿਆਰੀ ਨੇ ਐਸ ਐਲ ਏ ਕਰਮਚਾਰੀ ਜੋ ਬੀ.ਐਲ.ਓ‌ ਹਨ ਉਨ੍ਹਾਂ ਨੂੰ ਲੈਬ ਦੇ ਕੰਮਾਂ ਤੋਂ ਦੂਰ ਰੱਖਿਆ ਤੇ ਹੁਣ ਸੂਬਾ ਸਰਕਾਰ ਵੱਲੋਂ ਐਲਾਨੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਹੱਦਾਂ ਟੱਪ ਦਿੱਤੀਆਂ ਹਨ।

ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਤੇ ਸ੍ਰ ਸੁਖਮੰਦਰ ਸਿੰਘ ਮੋਗਾ, ਸੂਬਾ ਜਨਰਲ ਸਕੱਤਰ ਸ੍ਰੀ ਪਵਨ ਸਪਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰ ਗੁਰਮੀਤ ਸਿੰਘ ਸਲਾਬਤਪੁਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰ ਦਿਲਪ੍ਰੀਤ ਸਿੰਘ ਭਿੰਡਰ, ਸੂਬਾ ਮੀਤ ਪ੍ਰਧਾਨ ਸ੍ਰੀ ਯੋਗੇਸ਼ ਕੌੜਾ,ਸੂਬਾ ਜਥੇਬੰਦਕ ਸਕੱਤਰ ਸ੍ਰ ਜਤਿੰਦਰ ਸਿੰਘ ਭੰਗੂ, ਸੂਬਾ ਪ੍ਰੈਸ ਸਕੱਤਰ ਸ੍ਰੀ ਵਿਨੈ ਕੁਮਾਰ ਕੁਮਾਰ ਨੇ ਦੱਸਿਆ ਕਿ ਬੀਤੇ ਮਹੀਨੇ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੇ ਹਰ ਵਸਨੀਕ ਨੂੰ 10 ਲੱਖ ਦਾ ਸਿਹਤ ਬੀਮਾ ਮੁਹੱਇਆ ਕਰਵਾਉਣ ਲਈ ਮੁੱਖ ਮੰਤਰੀ ਸਿਹਤ ਯੋਜਨਾ ਦਾ ਆਗਾਜ਼ ਕੀਤਾ ਸੀ ਅਤੇ ਲੋਕਾਂ ਵੱਲੋਂ ਵਸੂਲੇ ਕਰਾਂ ਨੂੰ ਆਪਣੇ ਰਾਜਨੀਤਕ ਮਨੋਰਥ ਦੀ ਪੂਰਤੀ ਲਈ ਇਸ਼ਤਿਹਾਰਾਂ ਦੇ ਰੂਪ ਵਿੱਚ ਬਰਬਾਦ ਕਰਨ ਦੇ ਨਾਲ ਨਾਲ ਸਕੂਲੀ ਲੈਬਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ।

ਜਥੇਬੰਦੀ ਦੇ ਮੁੱਖ ਬੁਲਾਰੇ ਸ੍ਰ ਹਰਜੀਤ ਸਿੰਘ ਬਰਾੜ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਕਈ ਵਾਰ ਸਟੇਜਾਂ ਤੋਂ ਸਰਕਾਰੀ ਕਰਮਚਾਰੀਆਂ ਪਾਸੋਂ ਕੇਵਲ ਸਿੱਖਿਆ ਨਾਲ ਸੰਬੰਧਿਤ ਕਾਰਜ ਲੈਣ ਦੀਆਂ ਗੱਲਾਂ ਵੱਡੀਆਂ ਡੀਗਾਂ ਸਾਬਿਤ ਹੋਇਆਂ ਹਨ। ਸਰਕਾਰੀ ਸਕੂਲਾਂ ਵਿੱਚ ਪੱਛੜੇ, ਲਤਾੜੇ ਅਤੇ ਮਿਹਨਤਕਸ਼ ਲੋਕਾਂ ਦੇ ਬੱਚੇ ਸਿੱਖਿਆ ਪ੍ਰਾਪਤੀ ਲਈ ਜਿੱਥੇ ਅਧਿਆਪਕਾਂ ਦੀ ਉਡੀਕ ਕਰਦੇ ਰਹਿੰਦੇ ਹਨ ਓਥੇ ਹੀ ਸਾਇੰਸ ਲੈਬਾਂ ਵਿੱਚ ਪ੍ਰੈਕਟਿਕਲ ਕਰਨ ਲਈ ਐਸ ਐਲ ਏ ਕਰਮਚਾਰੀਆਂ ਦੀ ਉਡੀਕ ਕਰਦੇ ਹਨ ਪਰ ਪ੍ਰਸ਼ਾਸਨ ਵੱਲੋਂ ਕੰਪਿਊਟਰ ਕਰਮਚਾਰੀਆਂ ਦੇ ਡਿਊਟੀ ਤੋਂ ਵਿਰੋਧ ਕਰਨ ਉਪਰੰਤ ਐਸ ਐਲ ਏ ਕਰਮਚਾਰੀਆਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਦੋਂ ਕਿ ਐਸ ਐਲ ਏ ਦੀ ਵਿਦਿਅਕ ਯੋਗਤਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਇਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਓਥੇ ਹੀ ਸਕੂਲ ਵਿੱਚ ਵੀ ਸਕੂਲ ਮੁਖੀਆਂ ਵੱਲੋਂ ਐਸ ਐਲ ਏ ਕਰਮਚਾਰੀਆਂ ਪਾਸੋ ਉਨ੍ਹਾਂ ਦੀ ਜੋਬ ਪ੍ਰੋਫਾਈਲ ਦੇ ਉਲਟ ਕੰਮ ਲਏ ਜਾਂਦੇ ਹਨ ਜਿਸ ਕਾਰਨ ਸਾਇੰਸ ਲੈਬਾਂ ਦਾ ਕੰਮ ਅਧੂਰਾ ਰਹਿ ਜਾਂਦਾ ਹੈ ਬਹੁਤਿਆਂ ਸਕੂਲਾਂ ਵਿੱਚ ਤਾ ਐਸ ਐਲ ਏ ਕਰਮਚਾਰੀਆਂ ਨੂੰ ਸਾਇੰਸ ਲੈਬ ਦਾ ਚਾਰਜ ਵੀ ਨਹੀਂ ਦਿੱਤਾ ਜਾਂਦਾ ਪਰ ਐਨਾ ਕੰਮ ਕਰਨ ਦੇ ਬਾਵਜੂਦ ਵੀ ਜਦੋਂ ਕੋਈ ਅਧਿਕਾਰੀ ਸਕੂਲ ਚੈੱਕ ਕਰਨ ਲਈ ਆਉਂਦਾ ਹੈ ਤਾਂ ਐਸ ਐਲ ਏ ਕਰਮਚਾਰੀਆਂ ਨੂੰ ਕੰਮ ਅਧੂਰਾ ਹੋਣ ਕਾਰਨ ਜਿੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਓਥੇ ਹੀ ਅਧੂਰੇ ਕੰਮ ਦੇ ਲਿਖਤੀ ਨੋਟਿਸ ਦਾ ਜਵਾਬ ਵੀ ਦੇਣਾ ਪੈਂਦਾ ਹੈ

ਸੂਬਾ ਕਮੇਟੀ ਮੈਂਬਰ ਸ੍ਰ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਹੁਣ ਸਕੂਲਾਂ ਵਿੱਚ ਨੋਨ ਬੋਰਡ ਅਤੇ ਬੋਰਡ ਦੀਆਂ ਜਮਾਤਾਂ ਲਈ ਪ੍ਰੀਖਿਆ ਤਿਆਰੀ ਦੇ ਨਾਲ – ਨਾਲ ਤੇ ਬੋਰਡ ਅਤੇ ਨਾਨ ਬੋਰਡ ਪ੍ਰੈਕਟਿਕਲਾਂ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ, ਤੇ ਪ੍ਰਸ਼ਾਸਨ ਵੱਲੋਂ ਹੋਰਨਾਂ ਕੇਡਰਾਂ ਨੂੰ ਨਜ਼ਰਅੰਦਾਜ਼ ਕਰਕੇ ਐਸ ਐਲ ਏ ਕਰਮਚਾਰੀਆਂ ਦੀਆਂ ਡਿਊਟੀਆਂ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਦੂਰ-ਦੁਰਾਡੇ ਲਗਾ ਦਿਤੀਆਂ ਹਨ। ਇਸ ਤੋਂ ਪਹਿਲਾਂ ਬਹੁਤ ਸਾਰੇ ਐਸ ਐਲ ਏ ਕਰਮਚਾਰੀਆਂ ਦੀਆਂ ਬੀ.ਐਲ.ਓ ਡਿਊਟੀਆਂ ਲਗਾ ਕੇ ਪ੍ਰੀਖਿਆ ਤਿਆਰੀਆਂ ਦੇ ਸਮੇਂ ਵਿੱਚ ਲੱਗਭਗ ਡੇਢ ਮਹੀਨੇ ਸਕੂਲਾਂ ਤੋਂ ਬਾਹਰ ਰੱਖਿਆ ਗਿਆ ਸੀ।ਭਾਰਤ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ ਸਪੈਸ਼ਲ ਇੰਟੈਨਸਿਵ ਰਿਵਿਸ਼ਨ (SIR) ਦੇ ਕੰਮ ਦੇ ਨਾਲ-ਨਾਲ ਸਰਸਰੀ ਸੁਧਾਈ ਦਾ ਕੰਮ ਅੱਜ ਵੀ ਚੱਲ ਰਿਹਾ ਹੈ

ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਸ੍ਰ ਜਤਿੰਦਰ ਸਿੰਘ ਭੰਗੂ ਨੇ ਇਹਨਾਂ ਬੇਵਕਤੀ ਗ਼ੈਰ ਵਿਦਿਅਕ ਡਿਊਟੀਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਕੋਲੋਂ ਨਵੀਆਂ ਭਰਤੀਆਂ ਦੀ ਪੁਰਜ਼ੋਰ ਮੰਗ ਕੀਤੀ ਹੈ। ਸੂਬਾ ਸ੍ਰਪਰਸਤ ਸ੍ਰੀ ਜਸਵੰਤ ਰਾਏ ਨੇ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਐਸ ਐਲ ਏ ਜਿਹਨਾਂ ਨੂੰ ਸਕੂਲਾਂ ਵਿੱਚ ਸਾਇੰਸ ਲੈਬ ਵਿੱਚ ਪ੍ਰੈਕਟਿਕਲ ਕਰਵਾਉਣ ਲਈ ਭਰਤੀ ਕੀਤਾ ਹੈ ਉਨ੍ਹਾਂ ਪਾਸੋਂ ਕੇਵਲ ਵਿਦਿਅਕ ਕਾਰਜ ਹੀ ਲਏ ਜਾਣ ਅਤੇ ਐਸ ਐਲ ਏ ਕਰਮਚਾਰੀਆਂ ਨੂੰ ਗ਼ੈਰ ਵਿਦਿਅਕ ਡਿਊਟੀਆਂ ਤੋਂ ਫੌਰੀ ਛੋਟ ਦਿੱਤੀ ਜਾਵੇ। ਮੁੱਖ ਮੰਤਰੀ ਸਿਹਤ ਯੋਜਨਾ ਤੇ ਹੋਰ ਪ੍ਸ਼ਾਸਨਿਕ ਡਿਊਟੀਆਂ ਲਈ ਬੇਰੋਜਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰ ਦਲਬੀਰ ਸਿੰਘ ਅੰਮ੍ਰਿਤਸਰ, ਜਿਲਾ ਪ੍ਰਧਾਨ ਸ੍ਰ ਸਰਬਜੀਤ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਸ੍ਰੀ ਪਰਦੀਪ ਕੁਮਾਰ ਤਰਨਤਾਰਨ, ਜ਼ਿਲ੍ਹਾ ਪ੍ਰਧਾਨ ਸ੍ਰੀ ਅਨਿਲ ਕੁਮਾਰ ਜਲੰਧਰ , ਜ਼ਿਲ੍ਹਾ ਪ੍ਰਧਾਨ ਸ੍ਰੀ ਵਿਕਾਸ ਅਗਰਵਾਲ ਲੁਧਿਆਣਾ ਆਦਿ ਹਾਜ਼ਰ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।