ਪੀੜਤ ਅਧਿਆਪਕਾ ਨਾਲ ਇਨਸਾਫ਼ ਲਈ 3 ਮਾਰਚ ਨੂੰ ਡੀਸੀ ਦਫ਼ਤਰ ਵਿਖੇ ਧਰਨੇ ਦਾ ਐਲਾਨ
ਲੁਧਿਆਣਾ 28 ਫਰਵਰੀ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );
ਪ੍ਰਾਇਮਰੀ ਸਕੂਲ ਮੋਤੀ ਨਗਰ ਦੀ ਅਧਿਆਪਕਾ ਨਾਲ ਹੋਏ ਸ਼ੋਸ਼ਣ ਦੇ ਮਾਮਲੇ ਵਿੱਚ ਅਧਿਆਪਕ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਅਹਿਮ ਮੀਟਿੰਗ ਸਥਾਨਕ ਪੰਜਾਬੀ ਭਵਨ ਵਿਖੇ ਹੋਈ। ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਡੀ ਟੀ ਐਂਫ ਦੇ ਜ਼ਿਲ੍ਹੇ ਦੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਸਮੂਹ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਪੀੜਤ ਅਧਿਆਪਕਾ ਨੂੰ ਇਨਸਾਫ਼ ਦੇਣ ਵਿੱਚ ਰੁਕਾਵਟਾਂ ਖੜੀਆਂ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੱਸਿਆ ਕਿ ਇੱਕ ਪਾਸੇ ਸ਼ਿਕਾਇਤ ਕਰਤਾ ਪੀੜਤ ਅਧਿਆਪਕਾਂ ਨੂੰ ਹੀ 35 ਕਿਲੋਮੀਟਰ ਦੂਰ ਬਦਲਿਆ ਹੋਇਆ ਹੈ, ਜਦ ਕਿ ਕਥਿਤ ਦੋਸ਼ੀ ਹੈਡ ਟੀਚਰ ਦੀ ਸਿੱਖਿਆ ਵਿਭਾਗ ਵੱਲੋਂ ਪੰਜ ਕਿਲੋਮੀਟਰ ਦੂਰ ਬਦਲੀ ਕੀਤੀ ਗਈ ਹੈ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਪੂਰਨ ਖੁੱਲ ਦਿੱਤੀ ਹੋਈ ਹੈ। ਇਹੀ ਨਹੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਵੱਲੋਂ ਇਸ ਹੈਡ ਟੀਚਰ ਦੀ 13 ਫਰਵਰੀ ਨੂੰ ਕੀਤੀ ਬਦਲੀ ਨੂੰ ਵੀ ਮਿਲੀਭੁਗਤ ਅਧੀਨ ਜਿਲ੍ਹਾ ਅਤੇ ਬਲਾਕ ਸਿੱਖਿਆ ਅਧਿਕਾਰੀਆਂ ਵੱਲੋਂ ਅਮਲ ਵਿੱਚ ਲਿਆਉਣ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ। ਪੀੜਤਾਂ ਦੀ ਮੰਗ ਅਨੁਸਾਰ ਸਿੱਖਿਆ ਵਿਭਾਗ ਦੇ ਗ੍ਰੇਡ ਏ ਦੀਆਂ ਮਹਿਲਾ ਅਧਿਕਾਰੀਆਂ ਦੇ ਉੱਚ ਪੱਧਰੀ ਪੈਨਲ ਨੂੰ ਜਾਂਚ ਦੇਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ।
ਜੱਥੇਬੰਦੀਆਂ ਦੇ ਆਗੂਆਂ ਜਮਹੂਰੀ ਅਧਿਕਾਰ ਸਭਾ ਦੇ ਜਸਵੰਤ ਸਿੰਘ ਜੀਰਖ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਸਾਧੂ ਸਿੰਘ ਅਤੇ ਰਮਨ ਝੋਰੜਾਂ,ਡੀ ਐਮ ਐਫ ਦੇ ਸੁਖਵਿੰਦਰ ਸਿੰਘ ਲੀਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਣਵੀਰ ਸਿੰਘ, ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪਰਮਜੀਤਸਿੰਘ, ਨੌਜਵਾਨ ਭਾਰਤ ਸਭਾ ਦੇ ਅਰੁਣ ਕੁਮਾਰ, 6635 ਈਟੀਟੀ ਅਧਿਆਪਕ ਯੂਨੀਅਨ ਦੇ ਪਰਮਿੰਦਰ ਸਿੰਘ ਮਲੌਦ, 4161 ਮਾਸਟਰ ਕਾਡਰ ਯੂਨੀਅਨ ਦੇ ਜਸਵਿੰਦਰ ਸਿੰਘ ਐਤੀਆਣਾ, ਡੀਟੀਐਫ ਦੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ,ਮਿੱਡ ਡੇ ਮੀਲ ਵਰਕਰ ਯੂਨੀਅਨ ਦੇ ਪ੍ਰਵੀਨ ਕੁਮਾਰੀ,5994 ਈ ਟੀ ਅਧਿਆਪਕ ਯੂਨੀਅਨ ਪ੍ਰਿੰਸ ਕੰਬੋਜ ਨੇ ਮੰਗ ਕੀਤੀ ਕਿ ਸਕੂਲ ਮੁੱਖੀ ਨੂੰ ਜਿਲ੍ਹੇ ਤੋਂ ਬਾਹਰ ਬਦਲੀ ਕਰਕੇ ਗ੍ਰੇਡ ਏ ਮਹਿਲਾ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਕਰਵਾਕੇ ਪੀੜਤ ਅਧਿਆਪਕਾਂ ਨਾਲ ਇਨਸਾਫ ਦੀ ਮੰਗ ਨੂੰ ਲੈ ਕੇ ਸਮੂਹ ਜਥੇਬੰਦੀਆਂ ਵੱਲੋਂ 3 ਮਾਰਚ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਦੇ ਬਾਹਰ ਸਾਂਝਾ ਧਰਨਾ ਦਿੱਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਪੀੜਤ ਅਧਿਆਪਕਾਂ ਦੀ ਸ਼ਿਕਾਇਤ ਅਨੁਸਾਰ ਸਕੂਲ ਮੁੱਖੀ ਵੱਲੋਂ ਉਸ ਪ੍ਰਤੀ ਭੇਦਭਾਵ ਦਾ ਰਵੱਈਆ ਅਪਣਾਉਂਦੇ ਹੋਏ ਭੱਦੀਆਂ ਟਿੱਪਣੀਆਂ ਕੀਤੀਆਂ ਹਨ ਅਤੇ ਸਕੂਲ ਮੁੱਖੀ ਨੂੰ ਜਬਰੀ ਵਸੂਲੀ ਦੇਣ ਤੋਂ ਮਨ੍ਹਾ ਕਰਨ ‘ਤੇ ਉਸ ਲਈ ਸਕੂਲ ਸਟਾਫ ਦੀ ਟੋਇਲਟ ਬੰਦ ਕਰਨ ਤੋਂ ਇਲਾਵਾ ਸਫ਼ਾਈ ਕਰਮਚਾਰੀ ਹੋਣ ਦੇ ਬਾਵਜੂਦ ਉਸਦੇ ਜਮਾਤ ਦੇ ਕਮਰੇ ਦੀ ਸਫਾਈ ਕਰਵਾਉਣ ਉੱਪਰ ਰੋਕ ਲਗਾਕੇ ਉਸਨੂੰ ਜਲੀਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਹਾਜ਼ਰ ਹੋਣ ਦੇ ਬਾਵਜੂਦ ਅਧਿਕਾਰਿਤ ਢੰਗ ਨਾਲ ਹਾਜ਼ਰੀ ਰਜਿਸਟਰ ‘ਤੇ ਹਾਜ਼ਰੀ ਪਾਉਣ ਤੋਂ ਰੋਕਿਆ ਜਾਂਦਾ ਰਿਹਾ ਹੈ
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ,ਰਾਹੁਲ ਗੋਇਲ,ਪਿੰਕੀ ,ਅਰਵਿੰਦਰ ਸਿੰਘ, ਆਯੂਸ਼ ਕੰਬੋਜ,ਰੋਹਿਤ ਕੰਬੋਜ, ਪ੍ਰਿੰਸ, ਜਗਸੀਰ ਸਿੰਘ,ਰਜਿੰਦਰ ਜੰਡਿਆਲੀ, ਗੁਰਪ੍ਰੀਤ ਸਿੰਘ,ਨਮਨ ਗਰਗ, ਬਰਜਿੰਦਰ ਸਿੰਘ,ਨਰੰਜਣ ਪਮਾਲ, ਆਗੂ ਹਾਜ਼ਰ ਸਨ।












