ਨਵੀਂ ਦਿੱਲੀ 2 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਸਾਖੀ ਪੁਰਬ ਨੂੰ ਸਮਰਪਿਤ ਹਰ ਸਿੱਖ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਣ ਵਾਸਤੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਪੂਰੀ ਦਿੱਲੀ ਵਿੱਚ ਪ੍ਰਚੰਡ ਕਰਨ ਲਈ ਵਿਸ਼ੇਸ਼ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਵਲੋਂ ਬੀਤੇ ਦਿਨੀਂ ਦਿੱਲੀ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਬੈਠਕਾਂ ਕਰਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ 13 ਮਾਰਚ ਤੋਂ 13 ਅਪ੍ਰੈਲ ਤੱਕ ਇਸ ਅੰਮ੍ਰਿਤ ਸੰਚਾਰ ਪ੍ਰਚਾਰ ਲਹਿਰ ਨੂੰ ਵੱਡੇ ਪੱਧਰ ’ਤੇ ਚਲਾਏ ਜਾਣ ਲਈ ਸਹਿਮਤੀ ਬਣੀ ਸੀ । ਇਸ ਵਿਸ਼ੇਸ਼ ਲਹਿਰ ਲਈ ਸੰਗਤਾਂ ਨੂੰ ਘਰ-ਘਰ ਜਾ ਕੇ ਪ੍ਰੇਰਿਤ ਕੀਤਾ ਜਾਵੇਗਾ ਅਤੇ ਅੰਮ੍ਰਿਤ ਸੰਚਾਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਸੰਗਤ ਆਪਣੀ ਆਤਮਿਕ ਤਿਆਰੀ ਕਰ ਸਕੇ, ਮਨ ਬਣਾ ਸਕੇ ਅਤੇ ਗੁਰੂ ਦੇ ਜਹਾਜ਼ ’ਤੇ ਚੜ੍ਹਨ ਲਈ ਤਿਆਰ ਹੋਵੇ। ਅੰਮ੍ਰਿਤ ਸੰਚਾਰ ਸਿੱਖ ਧਰਮ ਵਿੱਚ ਖਾਲਸਾ ਸਿਰਜਣਾ ਦੀ ਪ੍ਰਕਿਰਿਆ ਹੈ ਜੋ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਰਾਹੀਂ ਪੰਜ ਪਿਆਰੇ ਨਿਤਨੇਮ ਦੀਆਂ ਪੰਜ ਬਾਣੀਆਂ ਪੜ੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਦੇ ਹਨ ਅਤੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ/ਕੌਰ ਸਜਾਉਂਦੇ ਹਨ। ਇਹ ਪ੍ਰਕਿਰਿਆ ਸਿੱਖ ਰਹਿਤ ਮਰਿਆਦਾ ਅਨੁਸਾਰ ਜੀਵਨ ਜਿਊਣ ਦਾ ਪ੍ਰਣ ਹੈ। ਇਹ ਪ੍ਰਕਿਰਿਆ ਸਿੱਖ ਨੂੰ ਅਧਿਆਤਮਿਕ ਰੂਪ ਵਿੱਚ ਗੁਰੂ ਨਾਲ ਜੋੜਦੀ ਹੈ ਅਤੇ ਖਾਲਸਾ ਪੰਥ ਦਾ ਅਨਿੱਖੜਵਾਂ ਅੰਗ ਬਣਾਉਂਦੀ ਹੈ। ਅੰਮ੍ਰਿਤ ਦੀ ਦਾਤ ਲੈਣ ਦੇ ਇੱਛੁਕ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਆਪਣੇ-ਆਪਣੇ ਇਲਾਕੇ ਵਿਚ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹੋਏ ਨਾਮ ਦਰਜ ਕਰਵਾਉਣ ਲਈ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਨਾਲ ਰਾਬਤਾ ਕਾਇਮ ਕਰਣ ।












