ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਾਰਚ ,ਬੋਲੇ ਪੰਜਾਬ ਬਿਊਰੋ:
ਸ਼੍ਰੀਮਤੀ ਜਸਪ੍ਰੀਤ ਕੌਰ ਬੈਂਸ ਨੇ ਅੱਜ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ, ਫੇਜ਼-6, ਮੋਹਾਲੀ (ਐਸ.ਏ.ਐਸ. ਨਗਰ) ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਕਾਲਜ ਦੇ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਸ਼੍ਰੀਮਤੀ ਜਸਪ੍ਰੀਤ ਕੌਰ ਬੈਂਸ ਇੱਕ ਤਜਰਬੇਕਾਰ ਅਤੇ ਸਮਰਪਿਤ ਅਧਿਆਪਕ ਵਜੋਂ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਇਸੇ ਕਾਲਜ ਦੇ ਅੰਗਰੇਜ਼ੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਸਨ।
ਸਟਾਫ ਨਾਲ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਾਲਜ ਦੀਆਂ ਸਥਾਪਿਤ ਪਰੰਪਰਾਵਾਂ ਨੂੰ ਅੱਗੇ ਵਧਾਉਂਦੇ ਹੋਏ ਉਹ ਵਿਦਿਆਰਥੀਆਂ ਵਿੱਚ ਅਕਾਦਮਿਕ ਸ਼੍ਰੇਸ਼ਠਤਾ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ, ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਸਖਸ਼ੀ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕਾਂ ਅਤੇ ਸਟਾਫ ਦੇ ਸਹਿਯੋਗ ਨਾਲ ਸੰਸਥਾ ਨੂੰ ਮਜ਼ਬੂਤ ਬਣਾਉਣ ਅਤੇ ਇਸ ਨੂੰ ਸਿੱਖਿਆ, ਖੋਜ ਅਤੇ ਖੇਡਾਂ ਦੇ ਖੇਤਰਾਂ ਵਿੱਚ ਹੋਰ ਉਚਾਈਆਂ ਤੱਕ ਲਿਜਾਣ ਲਈ ਲਗਾਤਾਰ ਯਤਨ ਕੀਤੇ ਜਾਣਗੇ।
ਇਸ ਮੌਕੇ ਕਾਲਜ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।












