ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ
ਨਵੀਂ ਦਿੱਲੀ 6 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਦੇਸ਼ ਅੰਦਰ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਇਮਤਿਹਾਨ ਦੇਣ ਮੌਕੇ ‘ਤੇ ਧਾਰਮਿਕ ਚਿੰਨ੍ਹ ਉਤਾਰਨ ਲਈ ਮਜਬੂਰ ਕਰਨਾ ਉਹਨਾਂ ਦੇ ਮਨੋਬਲ ਨੂੰ ਸੱਟ ਮਾਰਨ ਦੇ ਮਾਨਸਿਕ ਤੌਰ ਤੇ ਕਮਜ਼ੋਰ ਕਰਣ ਦੇ ਬਰਾਬਰ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 25ਏ ਦੇ ਤਹਿਤ ਸਿੱਖਾਂ ਨੂੰ ਕਕਾਰ ਧਾਰਨ ਕਰਨ ਦੇ ਮਿਲੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਕਕਾਰ ਅੰਮ੍ਰਿਤਧਾਰੀ ਹਰ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਅਨਖਿੜਵਾਂ ਅੰਗ ਹੈ। ਵੀਰਜੀ ਨੇ ਸਵਾਲ ਕੀਤਾ ਕਿ ਅਗਰ ਕਕਾਰ ਧਾਰਨ ਕਰਕੇ ਸਿੱਖ ਨੂੰ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਜਾਉਣ ਦੀ ਸੰਵਿਧਾਨ ਆਗਿਆ ਦਿੰਦਾ ਹੈ ਤਾਂ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਸੁਰੱਖਿਆ ਦੇ ਨਾਮ ਤੇ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇੰਨ੍ਹਾ ਵਲੋਂ ਕੀਤੇ ਜਾਂਦੇ ਦਾਹਵੇ ਕਿ ਬੱਚਿਆਂ ਨੂੰ ਪ੍ਰੀਖਿਆ ਦੌਰਾਨ ਕਕਾਰਾਂ ਨੂੰ ਲੈਕੇ ਕਿਸੇ ਪ੍ਰਕਾਰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਏਗਾ ਖੋਖਲੇ ਸਾਬਿਤ ਹੋ ਰਹੇ ਹਨ ਅਤੇ ਕੇਂਦਰ ਨਾਲ ਨੇੜਤਾ ਦਸਣ ਦੇ ਬਾਵਜੂਦ ਪ੍ਰੀਖਿਆ ਕੇਂਦਰਾਂ ਨੂੰ ਕਕਾਰਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਵਾ ਪਾਣਾ ਇੰਨ੍ਹਾ ਦੀ ਨਾਕਾਬਲੀਅਤ ਜਗਜ਼ਾਹਿਰ ਹੁੰਦੀ ਹੈ । ਉਨ੍ਹਾਂ ਕਿਹਾ ਦਿੱਲੀ ਕਮੇਟੀ ਪ੍ਰਬੰਧਕ ਸਿੱਖਾਂ ਦੇ ਮਾਨ-ਸਨਮਾਨ ਪ੍ਰਤੀ ਗੈਰ ਸੰਜੀਦਾ ਹਨ, ਤਾਂ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਵਲੋਂ ਕੇਂਦਰ ਰਾਹੀਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕਰਵਾਏ ਗਏ ਹਨ । ਅੰਤ ਵਿਚ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਤਿ ਗੰਭੀਰ ਮਾਮਲੇ ਲਈ ਤੁਰੰਤ ਇਕ ਨਵਾਂ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਸਿੱਖਾਂ ਦੀ ਮਰਿਆਦਾ ਨਾਲ ਖਿਲਵਾੜ ਨਾ ਹੋ ਸਕੇ ।












