ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਮਾਰਚ,ਬੋਲੇ ਪੰਜਾਬ ਬਿਊਰੋ;
ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ ਨਗਰ ਡਾਕਟਰ ਸੁਖਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿੱਚ ਕੁਦਰਤੀ ਖੇਤੀ ਨੂੰ ਉਤਸਾਹਿਤ ਕਰਨ ਲਈ ਨਿਯੁਕਤ ਕੀਤੀਆਂ ਗਈਆਂ ਕ੍ਰਿਸ਼ੀ ਸ਼ਖੀਆਂ ਦੀ ਮੀਟਿੰਗ ਕੀਤੀ ਗਈ ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕੈਮੀਕਲ ਰਹਿਤ ਖੇਤੀ ਉਤਪਾਦ ਪੈਦਾ ਕਰਨ ਲਈ ਸਰਕਾਰ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮਿਸ਼ਨ ਆਨ ਨੈਚੂਰਲ ਫਾਰਮਿੰਗ ਸਕੀਮ ਅਧੀਨ ਚੋਣ ਕੀਤੀ ਗਈ ਹੈ ਅਤੇ ਸਕੀਮ ਅਧੀਨ ਜ਼ਿਲ੍ਹੇ ਵਿੱਚ 20 ਕ੍ਰਿਸ਼ੀ ਸਖੀਆਂ ਅਤੇ 1250 ਕਿਸਾਨ ਜੋ ਕੇ ਕੁਦਰਤੀ ਖੇਤੀ ਨੂੰ ਅਪਣਾਉਣ ਦੇ ਚਾਹਵਾਨ ਹਨ ਦੀ ਚੋਣ ਕੀਤੀ ਜਾ ਰਹੀ ਹੈ। ਇਹਨਾਂ ਕ੍ਰਿਸ਼ੀ ਸ਼ਖੀਆਂ ਨੂੰ ਪ੍ਰਤੀ ਮਹੀਨਾ 5000 ਰੁਪਏ ਅਤੇ ਕਿਸਾਨਾਂ ਨੂੰ 4000 ਰੁਪਏ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ ਕ੍ਰਿਸ਼ੀ ਸਖੀਆਂ ਦੁਆਰਾ ਚੁਣੇ ਜਾ ਰਹੇ ਕਿਸਾਨਾਂ ਦੇ ਮਿੱਟੀ ਦੇ ਸੈਂਪਲਾਂ ਦੀ ਪਰਖ ਕਰਵਾਉਣ ਅਤੇ ਪੰਜਾਬ ਸਟੇਟ ਸੀਡ ਸਰਟੀਫਿਕੇਸਨ ਅਥਾਰਟੀ ਦੁਆਰਾ ਸਰਟੀਫਿਕੇਟ ਦਿਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਸਟੇਟ ਸੀਡ ਸਰਟੀਫਿਕੇਸਨ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਵੱਲੋਂ ਕ੍ਰਿਸ਼ੀ ਸਖੀਆਂ ਨੂੰ ਕੁਦਰਤੀ ਖੇਤੀ ਲਈ ਕਿਸਾਨਾਂ ਨੂੰ ਪ੍ਰਮਾਣੀਕਰਨ ਦੇ ਲਾਭ ਦੱਸਦਿਆਂ ਜਾਣਕਾਰੀ ਦਿੱਤੀ ਕਿ ਜੈਵਿਕ ਉਤਪਾਦਾਂ ਨੂੰ ਭਾਰਤ ਵਿੱਚ ਕਿਤੇ ਵੀ ਜੈਵਿਕ ਭੋਜਨ ਵਪਾਰੀਆਂ ਅਤੇ ਜੈਵਿਕ ਭੋਜਨ ਪ੍ਰੋਸੈਸਿੰਗ ਕੰਪਨੀਆਂ ਨੂੰ ਉਹਨਾਂ ਦੇ ਆਪਣੇ ਨਿਯਮਾਂ ਅਤੇ ਸ਼ਰਤਾਂ ਤੇ ਭਾਰਤ ਸਰਕਾਰ ਦੇ ਪੋਰਟਲ www.jaivikkheti.in ਤੇ ਵੇਚਿਆਂ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਇਸ ਸਕੀਮ ਦੇ ਨੋਡਲ ਅਫਸਰ ਡਾਕਟਰ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਮਾਸਟਰ ਟ੍ਰੇਨਰ ਤਰਜਿੰਦਰ ਸਿੰਘ, ਪਿੰਡ ਸੈਦਪੁਰ, ਕਮਲਦੀਪ ਸਿੰਘ ਏ.ਟੀ.ਐਮ ਅਤੇ ਜੈਵਿਕ ਖੇਤੀ/ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਭਾਗ ਲਿਆ।












