ਨਵੀਂ ਦਿੱਲੀ, 7 ਮਾਰਚ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿਚ ਬਰੀ ਕਰਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਡੇਰਾ ਮੁਖੀ ਨੂੰ ਬੇਨਕਾਬ ਕਰਨ ਦੇ ਮਾਮਲੇ ਵਿਚ ਕਤਲ ਕੀਤੇ ਗਏ ਪੱਤਰਕਾਰ ਦੇ ਮਾਮਲੇ ਵਿਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਫੈਸਲਾ ਮਨੁੱਖਤਾ ਦੇ ਲਿਹਾਜ਼ ਨਾਲ ਬਹੁਤ ਹੀ ਮੰਦਭਾਗਾ ਹੈ।ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਕਿਹਾ ਇੱਕ ਪਾਸੇ ਸਾਡੇ ਬੰਦੀ ਸਿੰਘ ਜਿਹਨਾਂ ਦੀਆ ਸਜ਼ਾਵਾਂ ਖਤਮ ਹੋਏ ਵੀ ਕਈ ਵਰ੍ਹੇ ਬੀਤ ਚੁਕੇ ਹਨ ਪਰ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾਂਦੀ ਦੂਜੇ ਪਾਸੇ ਐਸੇ ਵਿਅਕਤੀ ਨੂੰ ਜਿਸ ਖਿਲਾਫ ਪੁਖਤਾ ਸਬੂਤ ਵੀ ਸੀਬੀਆਈ ਵੱਲੋਂ ਦਿੱਤੇ ਗਏ, ਬਾਵਜੂਦ ਇਸਦੇ ਅਦਾਲਤ ਵੱਲੋਂ ਉਸਨੂੰ ਬਰੀ ਕਰਨਾ ਬੇਹੱਦ ਮੰਦਭਾਗਾ ਹੈ। ਉਹਨਾਂ ਇਹ ਵੀ ਕਿਹਾ ਕਿ ਓਹ ਅਮਰੀਕਾ- ਈਰਾਨ ਜੰਗ ਵਿਚ ਫਸੇ ਪੰਜਾਬੀਆਂ ਦੇ ਲਗਾਤਾਰ ਸੰਪਰਕ ਵਿਚ ਹਨ ਤੇ ਲੋੜ ਪੈਣ ’ਤੇ ਪੰਜਾਬੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਲੋੜ ਪਵੇਗੀ ਤਾਂ ਅਸੀਂ ਸਿੱਖਾਂ ਤੇ ਪੰਜਾਬੀਆਂ ਨੂੰ ਓਥੋਂ ਦੀ ਕੱਢਾਂਗੇ। ਉਹਨਾਂ ਕਿਹਾ ਕਿ ਆਸ ਹੈ ਕਿ ਇਹ ਜੰਗੀ ਜ਼ਿਆਦਾ ਲੰਬੀ ਨਹੀਂ ਚੱਲੇਗੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਪਰਿਵਾਰਾਂ ਨਾਲ ਖੜ੍ਹੀ ਹੋਈ ਹੈ ਤੇ ਹਮੇਸ਼ਾ ਰਹੇਗੀ। ਉਹਨਾਂ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਪਰਿਵਾਰਾਂ ਨਾਲ ਖੜ੍ਹੇ ਹੋਵਾਂਗੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਹਮੇਸ਼ਾ ਬੀਤੇ ਸਮੇਂ ਵਿਚ ਵੀ ਕੋਰੋਨਾ ਕਾਲ ਤੇ ਹੜ੍ਹਾਂ ਦੌਰਾਨ ਵੀ ਸੰਗਤਾਂ ਨਾਲ ਖੜ੍ਹੀ ਹੋਈ ਤੇ ਹਮੇਸ਼ਾ ਖੜ੍ਹੀ ਰਹੇਗੀ।












