ਰਾਮਪੁਰਾ ਫੂਲ 8 ਮਾਰਚ ,ਬੋਲੇ ਪੰਜਾਬ ਬਿਊਰੋ;
ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੇ ਕਨਵੀਨਰ ਅਤੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੀਤੀ ਜਾ ਰਹੀ ‘ਕਿਸਾਨ ਜਾਗ੍ਰਿਤੀ ਯਾਤਰਾ’ ਅੱਜ ਪਿੰਡ ਮੰਡੀ ਕਲਾਂ ਵਿੱਚ ਪੁੱਜੀ। ਇਸ ਦੌਰਾਨ ਰਾਮਪੁਰਾ ਬਲਾਕ ਦੇ ਕਿਸਾਨਾਂ ਨੇ ਯਾਤਰਾ ਦਾ ਸਵਾਗਤ ਕੀਤਾ। ਜਾਣਕਾਰੀ ਅਨੁਸਾਰ ਯਾਤਰਾ ਵਿੱਚ ਕਰਨਾਟਕ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਸਣੇ ਹੋਰ ਸੂੁਬਿਆਂ ਦੇ ਕਿਸਾਨ ਸ਼ਾਮਲ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਐੱਮ ਐੱਸ ਪੀ ਗਾਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣਾ ਅਤੇ ਕਰਜ਼ਾਮੁਕਤੀ ਵਰਗੇ ਮੁੱਖ ਮੁੱਦਿਆਂ ਬਾਰੇ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮੰਗਾਂ ਮਨਵਾਉਣ ਲਈ ਹਾਲੇ ਸੰਘਰਸ਼ ਜਾਰੀ ਸੀ ਪਰ ਹੁਣ ਕਿਸਾਨਾਂ ਸਿਰ ਇੱਕ ਵੱਡਾ ਸੰਕਟ ਭਾਰਤ-ਅਮਰੀਕਾ ਵਪਾਰ ਸਮਝੌਤਾ ਦਾ ਖੜ੍ਹਾ ਹੋ ਗਿਆ ਹੈ। ਸ੍ਰੀ ਡੱਲੇਵਾਲ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮਝੌਤੇ ਨਾਲ ਫ਼ਸਲਾਂ ਦੇ ਜਿਹੜੇ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ ਉਹ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਲਈ ਵੀ ਖ਼ਤਰਨਾਕ ਹਨ। ਸ੍ਰੀ ਡੱਲੇਵਾਲ ਨੇ ਕਿਹਾ ਕਿ ਇਹ ਸਾਰੀਆਂ ਮੰਗਾਂ ਲਾਗੂ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣ ਲਈ 19 ਮਾਰਚ ਨੂੰ ਦਿੱਲੀ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਜਿਸ ’ਚ ਵੱਡੀ ਗਿਣਤੀ ਕਿਸਾਨ ਪੁੱਜਣ। ਇਸ ਦੌਰਾਨ ਸ੍ਰੀ ਡੱਲੇਵਾਲ ਨੇ ਔਰਤਾਂ ਨੂੰ ਸਮਾਣਾ ਟਾਵਰ ਮੋਰਚੇ ਵਿੱਚ ਮਨਾਏ ਜਾ ਰਹੇ ਮਹਿਲਾ ਦਿਵਸ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬੀ ਕੇ ਯੂ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ, ਦੀਪੂ ਮੰਡੀ ਕਲਾਂ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਹਨ।












