ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਮਾਰਚ ,ਬੋਲੇ ਪੰਜਾਬ ਬਿਊਰੋ:
ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵੱਲੋਂ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਰਪਿਤ ਸਮਾਗਮ ‘ਹੌਸਲਿਆਂ ਦੇ ਰੂ-ਬ-ਰੂ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਡਾ. ਦਰਸ਼ਨ ਕੌਰ ਖੋਜ ਅਫ਼ਸਰ ਨੇ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਆਖਿਆ ਕਿ ਔਰਤ ਸਮਾਜ ਦਾ ਕੇਵਲ ਹਿੱਸਾ ਨਹੀਂ ਸਗੋਂ ਸਮਾਜ ਦੀ ਬੁਨਿਆਦ ਹੈ।
ਉੱਘੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਆਖਿਆ ਕਿ ਔਰਤ ਦੀ ਹਸਤੀ ਉਸ ਨਦੀ ਵਾਂਗ ਹੈ ਜੋ ਰਾਹ ਦੇ ਪੱਥਰ ਨੂੰ ਤਰਾਸ਼ ਕੇ ਨਵਾਂ ਰੂਪ ਦਿੰਦੀ ਹੈ। ਇਸ ਮੌਕੇ ਉਨ੍ਹਾਂ ਨੇ ਨਾਰੀ ਮੁੱਦਿਆਂ ਨੂੰ ਮੁਖ਼ਾਤਿਬ ਆਪਣੀਆਂ ਕਈ ਰਚਨਾਵਾਂ ਜਿਵੇਂ ‘ਮੈਂ ਕੇਵਲ ਮਿੱਟੀ ਨਹੀਂ’, ‘ਮਾਵਾਂ ਤੇ ਧੀਆਂ’, ‘ਨੀ ਫੁੱਲਾਂ ਵਰਗੀਓ ਕੁੜੀਓ’, ‘ਭ੍ਰਮਣ’ ਆਦਿ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਪ੍ਰੋ. ਗੁਰਦੇਵ ਪਾਲ, ਸਾਬਕਾ ਪ੍ਰਿੰਸੀਪਲ, ਸਰਕਾਰੀ ਕਾਲਜ, ਡੇਰਾਬੱਸੀ ਨੇ ਆਖਿਆ ਕਿ ਮਾਂ ਦੀ ਪਰਵਰਿਸ਼ ਹੀ ਉਹ ਪਹਿਲਾ ਸਕੂਲ ਹੁੰਦਾ ਹੈ ਜਿੱਥੇ ਬੱਚਿਆਂ ਦੇ ਵਿਚਾਰ ਅਤੇ ਮੁੱਲ ਘੜੇ ਜਾਂਦੇ ਹਨ। ਇਸ ਲਈ ਮਾਵਾਂ ਦਾ ਫ਼ਰਜ਼ ਹੈ ਕਿ ਉਹ ਧੀ ਅਤੇ ਪੁੱਤਰ ਦੋਵਾਂ ਨੂੰ ਬਰਾਬਰੀ ਦੇ ਮੌਕਿਆਂ ਨਾਲ ਪਾਲਣ, ਤਾਂ ਜੋ ਸਮਾਜ ਵਿੱਚ ਸਮਾਨਤਾ ਅਤੇ ਸੰਵੇਦਨਾ ਦੀ ਮਜ਼ਬੂਤ ਨੀਂਹ ਬੱਝ ਸਕੇ।
ਪਰਵਾਸੀ ਕਹਾਣੀਕਾਰਾ ਗੁਰਮੀਤ ਪਨਾਗ ਨੇ ਆਪਣੇ ਪਰਵਾਸ ਦੇ ਤਜ਼ਰਬਿਆਂ ਸਬੰਧੀ ਗੱਲ ਕਰਦਿਆਂ ਆਖਿਆ ਕਿ ਪਰਵਾਸੀ ਔਰਤ ਦੋ ਸਭਿਆਚਾਰਾਂ ਦੇ ਦਰਮਿਆਨ ਆਪਣੀ ਪਛਾਣ ਅਤੇ ਸਪੇਸ ਸਿਰਜਣ ਲਈ ਨਿਰੰਤਰ ਸੰਘਰਸ਼ ਕਰਦੀ ਹੈ। ਨਵੇਂ ਮਾਹੌਲ ਵਿੱਚ ਰਹਿੰਦੇ ਹੋਏ ਵੀ ਉਹ ਆਪਣੀਆਂ ਜੜ੍ਹਾਂ ਨਾਲ ਸਬੰਧ ਬਣਾਈ ਰੱਖਣ ਦਾ ਯਤਨ ਕਰਦੀ ਰਹਿੰਦੀ ਹੈ।
ਇਸ ਮੌਕੇ ਜਗਤਾਰ ਸਿੰਘ ਜੋਗ, ਅਮਨਦੀਪ ਕੌਰ ਮੋਗਾ ਅਤੇ ਸਹਿਜਪ੍ਰੀਤ ਕੌਰ ਵੀ ਨਾਰੀ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਨਾਲ ਸ੍ਰੋਤਿਆਂ ਦੇ ਰੂ-ਬ-ਰੂ ਹੋਏ।
ਸਮਾਗਮ ਦੇ ਅੰਤ ਵਿੱਚ ਡਾ. ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦਿਲਪ੍ਰੀਤ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਵਿਚਾਰ ਚਰਚਾ ਵਿੱਚ ਕਰਮਜੀਤ ਕੌਰ, ਗੁਰਚਰਨ ਸਿੰਘ, ਸਰਮੁਖ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਲ ਹੋਏ।












