ਚੰਡੀਗੜ੍ਹ, 11 ਮਾਰਚ, ਬੋਲੇ ਪੰਜਾਬ ਬਿਊਰੋ :
ਅਮਰੀਕਾ ਤੋਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਤੇ ਅੰਮ੍ਰਿਤਸਰ ਆਉਣ ਲਈ ਇੱਕ ਟੈਕਸੀ ‘ਚ ਸਵਾਰ ਹੋ ਕੇ ਆ ਰਹੇ ਪੰਜਾਬੀ NRI ਜੋੜੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਪਾਣੀਪਤ ਸ਼ਹਿਰ ਦੇ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਰੋਹਤਕ ਬਾਈਪਾਸ ‘ਤੇ ਜੀਓ ਪੈਟਰੋਲ ਪੰਪ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਧੁੰਦ ਕਾਰਨ ਤੇਜ਼ ਰਫ਼ਤਾਰ ਟੈਕਸੀ ਪਿੱਛੇ ਤੋਂ ਇੱਕ ਖਰਾਬ ਹੋਏ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟੈਕਸੀ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਉਸ ਵਿੱਚ ਸਵਾਰ ਐਨਆਰਆਈ ਜੋੜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ ਸੰਧੂ (63) ਅਤੇ ਉਨ੍ਹਾਂ ਦੀ ਪਤਨੀ ਸਤਿੰਦਰ ਕੌਰ (61) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਇਹ ਜੋੜਾ ਅਮਰੀਕਾ ਵਿੱਚ ਇੱਕ ਵੱਡਾ ਟਰਾਂਸਪੋਰਟ ਕਾਰੋਬਾਰ ਕਰਦਾ ਸੀ। ਉਹ ਅਮਰੀਕਾ ਤੋਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਸਨ ਅਤੇ ਉੱਥੋਂ ਉਨ੍ਹਾਂ ਨੇ ਅੰਮ੍ਰਿਤਸਰ ਲਈ ਇੱਕ ਟੈਕਸੀ ਕਿਰਾਏ ‘ਤੇ ਲਈ ਸੀ।












