ਨਵੀਂ ਦਿੱਲੀ 17 ਮਾਰਚ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ, ਕੁਝ ਸ਼ਰਾਰਤੀ ਅਨਸਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੁਤੀਆਂ ਸਮੇਤ ਇੱਕ ਪਿੰਜਰ ਦਿਖਾਇਆ ਹੈ। ਇਹ ਪਿੰਜਰ ਪੱਗ ਅਤੇ ਜੁੱਤੀਆਂ ਪਹਿਨ ਕੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਘੁੰਮ ਰਿਹਾ ਹੈ। ਪਿੰਜਰ ਨੇ ਜੁੱਤੀਆਂ ਪਹਿਨ ਕੇ ਲੰਗਰ ਵੀ ਛਕਿਆ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਏ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਵੀਡੀਓ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨਾਲ ਸਬੰਧਤ ਇਤਰਾਜ਼ਯੋਗ ਦ੍ਰਿਸ਼ ਦਿਖਾਏ ਜਾਣ ਤੋਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਸੱਟ ਵੱਜੀ ਹੈ ਜਿਸ ਨਾਲ ਇਹ ਵਿਵਾਦ ਹੋਰ ਵੀ ਡੂੰਘਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵੀਡੀਓ ਧਾਰਮਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਸਮਾਜ ਨੂੰ ਨਕਾਰਾਤਮਕ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਸਬੰਧਤ ਸੋਸ਼ਲ ਮੀਡੀਆ ਖਾਤਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਸਿਆ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੀ ਵਰਤੋਂ ਕਰਕੇ ਜਾਣਬੁਝ ਕੇ ਸਿੱਖ ਪੰਥ ਨੂੰ ਬਦਨਾਮ ਕਰਣ ਦੀ ਅਤਿ ਘਿਨੌਣੀ ਸਾਜ਼ਿਸ਼ ਅਧੀਨ ਸ਼ਰਾਰਤੀ ਤੱਤ ਵਲੋਂ ਬਣਾਈ ਗਈ ਸੀ, ਜਿਸ ਵਿੱਚ ਹਰਿਮੰਦਰ ਸਾਹਿਬ ਕੰਪਲੈਕਸ ਦਿਖਾਉਣ ਲਈ ਵੱਖ-ਵੱਖ ਦ੍ਰਿਸ਼ਾਂ ਨੂੰ ਜਾਣਬੁਝ ਕੇ ਜੋੜਿਆ ਸੀ। ਉਨ੍ਹਾਂ ਕਿਹਾ ਕੰਪਲੈਕਸ ਵਿੱਚ ਜੁੱਤੀਆਂ ਪਾ ਕੇ ਦਾਖਲ ਹੋਣ ਅਤੇ ਲੰਗਰ ਹਾਲ ਵਿੱਚ ਬੈਠਣ ਦੇ ਦ੍ਰਿਸ਼ ਖਾਸ ਤੌਰ ‘ਤੇ ਸਭ ਤੋਂ ਵੱਧ ਰੋਸ ਪੈਦਾ ਕਰ ਰਹੇ ਹਨ। ਉਨ੍ਹਾਂ ਇਸ ਘਟਨਾ ਨੂੰ ਭਾਰੀ ਬੇਅਦਬੀ ਕਰਾਰ ਦਿੰਦੇ ਹੋਏ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਵਿੱਤਰ ਸਥਾਨਾਂ ਵਿਰੁੱਧ ਅਜਿਹੀ ਸਮੱਗਰੀ ਬਣਾਉਣਾ ਅਤੇ ਪ੍ਰਸਾਰਿਤ ਕਰਨਾ ਅਸਵੀਕਾਰਨਯੋਗ ਹੈ। ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰ ਨੂੰ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰਵਾ ਕੇ ਅਤੇ ਇਸਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਉਪਰੰਤ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ ।












