ਚੰਡੀਗੜ੍ਹ 17 ਮਾਰਚ ,ਬੋਲੇ ਪੰਜਾਬ ਬਿਊਰੋ;
ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਵਲੋਂ ਪੇ- ਸਕੇਲ ਲੈਣ ਲਈ ਵਿੱਢੇ ਸੰਘਰਸ਼ ਤਹਿਤ ਚੰਡੀਗੜ੍ਹ ਵਿੱਚ 12710 ਕੱਚੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਪਿਛਲੇ 2 ਮਾਰਚ ਨੂੰ ਚੰਡੀਗੜ੍ਹ ਵੱਲ ਰੋਸ ਮਾਰਚ ਕੱਢਿਆ ਗਿਆ ਸੀ।
ਜਿਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਦੀਆਂ ਪਾਣੀ ਦੀਆਂ ਬੁਛਾੜਾਂ ਮਾਰਨ ਨਾਲ ਪੱਗਾਂ ਲੱਥ ਗਈਆਂ ਸਨ, ਮਹਿਲਾ ਅਧਿਆਪਕਾਵਾਂ ਦੀਆਂ ਚੁੰਨੀਆਂ ਲਹਿ ਗਈਆਂ ਸਨ ਤੇ ਜਖਮੀਂ ਹੋ ਗਏ ਸਨ ਇਸ ਸੰਘਰਸ਼ ਦੌਰਾਨ ਮੁਹਾਲੀ ਪ੍ਰਸਾਸ਼ਨ ਵਲੋੰ ਜੋ ਮੀਟਿੰਗਾਂ ਦਿੱਤੀਆਂ ਗਈਆਂ ਸੀ ਉਹ ਬੇਸਿੱਟਾ ਨਿਕਲੀਆਂ ਹਨ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਮੀਟਿੰਗ ਦੌਰਾਨ ਵਧੀਆ ਢੰਗ ਨਾਲ ਗੱਲਬਾਤ ਨਹੀਂ ਕੀਤੀ ਤੇ ਸਰਕਾਰ ਸਮਾਂ ਲੰਘਾਉਣ ਦੀ ਨੀਤੀ ਅਪਣਾ ਰਹੀ ਹੈ ਤੇ ਲਾਠੀ ਦੇ ਜੋਰ ਨਾਲ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ।
ਪਰ ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਆਗੂ ਹੁਣ ਚੁੱਪ ਕਰਕੇ ਸਰਕਾਰ ਦੀਆਂ ਵਧੀਕੀਆਂ ਸਹਿਣ ਨਹੀਂ ਕਰਨਗੇ ਫਰੰਟ ਦੇ ਆਗੂ ਮਨਪ੍ਰੀਤ ਮੋਗਾ,ਅਨੁਭਵ ਗੁਪਤਾ, ਦਵਿੰਦਰ ਸੰਧੂ, ਹਰਪ੍ਰੀਤ ਜਲੰਧਰ, ਵੀਰਪਾਲ ਸਿਧਾਣਾ ਤੇ ਗੁਰਲਾਲ ਸਿੰਘ ਨੇ ਕਿਹਾ ਕਿ ਅਸੀਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਪੇ- ਸਕੇਲ ਤੇ ਰੈਗੂਲਰ ਮੁਲਾਜ਼ਮਾਂ ਵਾਲੇ ਸਾਰੇ ਲਾਭ ਪ੍ਰਾਪਤ ਕਰਨ ਤੱਕ ਸੰਘਰਸ਼ ਜ਼ਾਰੀ ਰਹੇਗਾ।
ਆਗੂਆਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਹਰ ਸਟੇਜ ਤੇ ਝੂਠ ਦਾ ਸਹਾਰਾ ਲੈਕੇ ਬਿਆਨ ਦੇ ਰਹੀ ਹੈ ਕਿ 12710 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਹੈ। ਪਰ ਅਸਲੀਅਤ ਇਹ ਹੈ ਕਿ ਇਹ ਵਾਅਦਾ ਸਿਰਫ ਕਾਗਜ਼ਾਂ ਅਤੇ ਸੜਕਾਂ ਤੇ ਲਾਏ ਬੋਰਡਾਂ ਤੱਕ ਹੀ ਸੀਮਿਤ ਰਹਿ ਗਿਆ 12710 ਕੱਚੇ ਅਧਿਆਪਕ ਅੱਜ ਵੀ ਕੱਚੇ ਹੀ ਹਨ। ਸਿਰਫ਼ ਤਨਖ਼ਾਹ ਵਾਧੇ ਨੂੰ ਸਰਕਾਰ ਰੈਗੂਲਰ ਕਰਨਾ ਕਹਿ ਰਹੀ ਹੈ।
ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਸੂਬਾਈ ਆਗੂਆਂ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਕੱਚੇ ਅਧਿਆਪਕਾਂ ਦੇ ਮੁਹਾਲੀ ਧਰਨੇ ਵਿੱਚ ਸ਼ਾਮਿਲ ਹੋਕੇ ਬਿਆਨ ਦਿੱਤਾ ਸੀ ਉਸ ਨੂੰ ਇੰਨਬਿੰਨ ਲਾਗੂ ਕਰਕੇ 12710 ਅਧਿਆਪਕਾਂ ਨੂੰ ਰੈਗੂਲਰ ਪੇ-ਸਕੇਲ ਦੇ ਕੇ ਵਾਅਦਾ ਪੂਰਾ ਕਰਨ ਤੇ ਅਧਿਆਪਕਾਂ ਦਾ ਮਾਣ ਸਨਮਾਨ ਬਹਾਲ ਕਰਨ।












