ਵਪਾਰੀਆਂ ਵੱਲੋਂ ਉਠਾਏ ਮੁੱਦੇ ਸਮਾਂਬੱਧ ਢੰਗ ਨਾਲ ਕੀਤੇ ਜਾਣਗੇ ਹੱਲ
ਐਮ ਐਲ ਏ ਰੰਧਾਵਾ, ਐਸ ਡੀ ਐਮ ਡੇਰਾਬੱਸੀ ਅਤੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ
ਜ਼ੀਰਕਪੁਰ (ਐਸ.ਏ.ਐਸ. ਨਗਰ), 20 ਮਾਰਚ ,ਬੋਲੇ ਪੰਜਾਬ ਬਿਊਰੋ:
ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਜਾਰੀ ਯਤਨਾਂ ਦੇ ਤਹਿਤ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਕਲਗੀਧਰ ਮਾਰਕੀਟ, ਬਲਟਾਣਾ ਵਿਖੇ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਥਾਨਕ ਵਪਾਰੀਆਂ, ਜਨ ਪ੍ਰਤਿਨਿਧੀਆਂ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਆਪਣੇ ਕਾਰੋਬਾਰ ਨਾਲ ਸੰਬੰਧਿਤ ਕਈ ਮੁੱਦੇ ਉਠਾਏ ਗਏ। ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਾਰੇ ਜਾਇਜ਼ ਮੁੱਦਿਆਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ।
ਹਲਕਾ ਵਿਧਾਇਕ ਡੇਰਾਬੱਸੀ ਸ. ਕੁਲਜੀਤ ਸਿੰਘ ਰੰਧਾਵਾ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦੇ ਪ੍ਰਤਿਨਿਧੀਆਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਯਕੀਨ ਦਵਾਇਆ।
ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤ ਪਾਲ ਸਿੰਘ, ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਨ ਅਤੇ ਹਲਕਾ ਚੇਅਰਮੈਨ ਸ਼੍ਰੀ ਅਜੈ ਕੁਮਾਰ ਨੇ ਵੀ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੀਟਿੰਗ ਦੌਰਾਨ ਉਠਾਏ ਗਏ ਮੁੱਦਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ।
ਸਬ-ਡਿਵੀਜ਼ਨਲ ਮੈਜਿਸਟ੍ਰੇਟ ਡੇਰਾਬੱਸੀ ਸ਼੍ਰੀ ਅਮਿਤ ਗੁਪਤਾ, ਜਿਨ੍ਹਾਂ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ, ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਉਦੇਸ਼ ਰਾਜ ਵਿੱਚ ਵਪਾਰ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਕਾਰੋਬਾਰ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਦੇ ਮੁੱਦਿਆਂ ਨੂੰ ਤਰਜੀਹ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੱਲ ਕੀਤਾ ਜਾਵੇਗਾ, ਜਦਕਿ ਹੋਰ ਮੁੱਦਿਆਂ ਨੂੰ ਰਾਜ ਪੱਧਰ ’ਤੇ ਭੇਜਿਆ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਵਪਾਰ-ਅਨੁਕੂਲ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰੀ ਰਾਜ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਪਾਰੀਆਂ ਦੇ ਮੁੱਦਿਆਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਟ੍ਰੇਡਰਜ਼ ਕਮਿਸ਼ਨ ਦਾ ਗਠਨ ਕਰਕੇ ਹਲਕਾ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਤਿੰਨ-ਪੱਧਰੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਹੋਰਾਂ ਤੋਂ ਇਲਾਵਾ ਏ ਐਸ ਪੀ, ਜ਼ੀਰਕਪੁਰ; ਅਸਿਸਟੈਂਟ ਕਮਿਸ਼ਨਰ (ਸਟੇਟ ਟੈਕਸ) ਐਸ.ਏ.ਐਸ. ਨਗਰ ਦੇ ਪ੍ਰਤਿਨਿਧੀ; ਲੇਬਰ ਇੰਸਪੈਕਟਰ, ਜ਼ੀਰਕਪੁਰ; ਫੂਡ ਸਪਲਾਈ ਅਫ਼ਸਰ, ਡੇਰਾਬੱਸੀ; ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਐਸ.ਏ.ਐਸ. ਨਗਰ; ਸਬ ਡਿਵੀਜ਼ਨਲ ਅਫ਼ਸਰ, ਪੀ ਐਸ ਪੀ ਸੀ ਐਲ, ਜ਼ੀਰਕਪੁਰ; ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਜ਼ੀਰਕਪੁਰ; ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਡੇਰਾਬੱਸੀ ਹਾਜ਼ਰ ਸਨ।












