ਮੋਹਾਲੀ, 23 ਮਾਰਚ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਜਾਅਲੀ ਸਰਟੀਫਿਕੇਟ ਜਾਰੀ ਕਰਨ ਅਤੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਘੁਟਾਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬੋਰਡ ਦੀ ਕਰਮਚਾਰੀ ਯੂਨੀਅਨ ਦੇ ਮੌਜੂਦਾ ਪ੍ਰਧਾਨ ਪਰਮਿੰਦਰ ਸਿੰਘ ਖੰਗੂੜਾ ਸਮੇਤ ਚਾਰ ਹੋਰ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਕੁਲਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ, ਦੋਵੇਂ ਨਿੱਜੀ ਤੌਰ ‘ਤੇ ਸਿੱਖਿਆ ਬੋਰਡ ਨਾਲ ਜੁੜੇ ਹੋਏ ਸਨ ਅਤੇ ਇਸ ਸਮੇਂ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹਨ। ਇਸ ਤੋਂ ਇਲਾਵਾ ਜਗਤਾਰ ਸਿੰਘ, ਜੋ ਠੇਕਾ ਆਧਾਰਤ ਕਰਮਚਾਰੀ ਹੈ, ਉਸਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ (ਸੋਮਵਾਰ) ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਨੇ ਲੰਬੀ ਪੜਤਾਲ ਤੋਂ ਬਾਅਦ ਪਰਮਿੰਦਰ ਸਿੰਘ ਖੰਗੂੜਾ (ਪ੍ਰਧਾਨ, ਕਰਮਚਾਰੀ ਯੂਨੀਅਨ), ਹਰਮਨਦੀਪ ਸਿੰਘ ਬੋਪਾਰਾਏ (ਸੀਨੀਅਰ ਸਹਾਇਕ) ਦੀ ਫੋਰੈਂਸਿਕ ਜਾਂਚ ਵਿੱਚ ਇਨ੍ਹਾਂ ਦੀ ਲਿਖਾਈ ਜਾਅਲੀ ਦਸਤਾਵੇਜ਼ਾਂ ਨਾਲ ਮੇਲ ਖਾਂਦੀ ਪਾਈ ਗਈ ਹੈ। ਅਦਾਲਤ ਨੇ ਇਨ੍ਹਾਂ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਣਜੀਤ ਸਿੰਘ (ਸਹਾਇਕ) ਅਤੇ ਰਾਜਿੰਦਰ ਸਿੰਘ (ਸਹਾਇਕ) ਸ਼ਾਮਲ ਹੈ।
ਜਾਂਚ ਅਨੁਸਾਰ ਇਹ ਮਾਮਲਾ 2023 ਵਿੱਚ ਸ਼ੁਰੂ ਹੋਇਆ ਸੀ। ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੌਰਾਨ ਦੋ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਸਨ। ਪਹਿਲੀ ਜਾਂਚ ਵਿਚ ਸਰਟੀਫਿਕੇਟਾਂ ਨੂੰ ‘ਅਸਲੀ’ ਦੱਸਿਆ ਗਿਆ। ਦੂਜੀ ਜਾਂਚ ਉਹੀ ਦਸਤਾਵੇਜ਼ ‘ਜਾਅਲੀ’ ਪਾਏ ਗਏ।
ਪੁਲਿਸ ਨੇ ਪਾਇਆ ਕਿ ਜੁਲਾਈ ਅਤੇ ਅਗਸਤ 2023 ਦੇ ਦਰਮਿਆਨ ਸਰਕਾਰੀ ਰਜਿਸਟਰਾਂ ਵਿੱਚੋਂ ਐਂਟਰੀਆਂ ਗਾਇਬ ਕੀਤੀਆਂ ਗਈਆਂ ਸਨ। ਚਪੜਾਸੀ ਦੀ ਕਿਤਾਬ (Peon Book) ਅਤੇ ਸਰਕਾਰੀ ਰਿਕਾਰਡ ਦੇ ਅੰਕੜਿਆਂ ਵਿੱਚ ਵੱਡਾ ਅੰਤਰ ਮਿਲਿਆ ਹੈ। ਦੋਸ਼ੀਆਂ ਨੇ ਮਿਲੀਭੁਗਤ ਕਰਕੇ ਜਾਅਲੀ ਤਸਦੀਕ ਰਿਪੋਰਟਾਂ ਜਾਰੀ ਕੀਤੀਆਂ।
ਇਸ ਮਾਮਲੇ ਵਿੱਚ ਸਿਟੀ-2 ਦੇ ਡੀ.ਐਸ.ਪੀ. ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਕਿਉਂਕਿ ਇਸ ਨਾਲ ਇੱਕ ਪ੍ਰਮੁੱਖ ਸਰਕਾਰੀ ਸੰਸਥਾ ਦੀ ਭਰੋਸੇਯੋਗਤਾ ਨੂੰ ਸੱਟ ਵੱਜੀ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਅਤੇ ਰਿਸ਼ਵਤਖੋਰੀ ਦੇ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ। ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।











