ਰੈਲੀ ਮਗਰੋਂ ਸ਼ਹੀਦੀ ਸਮਾਰਕ ਤੇ ਇਨਕਲਾਬੀ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਅਹਿਦ ਦੁਹਰਾਇਆ
ਫਿਰੋਜ਼ਪੁਰ 23 ਮਾਰਚ ,ਬੋਲੇ ਪੰਜਾਬ ਬਿਊਰੋ;
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ 23 ਮਾਰਚ ਨੂੰ ਸਾਮਰਾਜਵਾਦ ਵਿਰੋਧੀ, ਜੰਗ ਵਿਰੋਧੀ ਦਿਵਸ ਦੇ ਤੌਰ ਤੇ ਮਨਾਉਣ ਦੇ ਸੱਦੇ ਅਨੁਸਾਰ ਅੱਜ ਫਿਰੋਜ਼ਪੁਰ ਵਿੱਚ ਕਿਸਾਨਾਂ ਮਜਦੂਰਾਂ ਅਤੇ ਨੌਜਵਾਨਾਂ ਵੱਲੋਂ 23 ਮਾਰਚ ਦੇ ਮਹਾਨ ਸ਼ਹੀਦ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਰੈਲੀ ਕੀਤੀ ਗਈ। ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਡਾਕੌਦਾ (ਬੁਰਜਗਿੱਲ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਕਿਸਾਨ ਸਟੂਡੈਂਟ ਯੂਨੀਅਨ , ਬੀਕੇਯੂ ਸਿੱਧੂਪੁਰ ,ਪੈਨਸ਼ਨਰ ਐਸੋਸੀਏਸ਼ਨ ਪੰਜਾਬ, ਬੀਕੇਯੂ ਬੰਬ ਆਦਿ ਜਥੇਬੰਦੀਆਂ ਦੇ ਅਗਵਾਈ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਬੋਲਣ ਵਾਲ਼ੇ ਬੁਲਾਰਿਆ ਨੇ ਕਿਹਾ ਕਿ 23 ਮਾਰਚ ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲ਼ੇ ਸ਼ਹੀਦ ਭਗਤ ਸਿੰਘ ਵੱਲੋਂ ਜਿਸ ਤਰ੍ਹਾਂ ਦੀ ਅਜਾਦੀ ਦਾ ਸੁਪਨਾ ਲਿਆ ਗਿਆ ਸੀ ਉਹ ਅੱਜ ਤੱਕ ਵੀ ਨਹੀਂ ਆਈ ਸਗੋਂ ਸਮਾਜ ਦੇ ਹਾਲਾਤ ਹੋਰ ਵੀ ਬਦਤਰ ਹੋਏ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇਆ ਦੇ ਅੰਨ੍ਹੇ ਮੁਨਾਫੇ ਲਈ ਦੁਨੀਆ ਦੇ ਮਾਲ ਖਜਾਨੇ ਲੁੱਟਣ ਲਈ ਵੱਖ ਵੱਖ ਦੇਸ਼ਾਂ ਉੱਪਰ ਬੰਬ ਸੁੱਟੇ ਜਾ ਰਹੇ ਹਨ। ਅਮਰੀਕਾ ਵਰਗੇ ਤਾਨਾਸ਼ਾਹ ਵੱਲੋਂ ਭਾਰਤ ਸਰਕਾਰ ਦੀ ਬਾਂਹ ਮਰੋੜ ਕੇ ਸਾਡੇ ਦੇਸ਼ ਦੀ ਖੇਤੀ ਅਤੇ ਪ੍ਰਭੂਸਤਾ ਨੂੰ ਆਪਣੇ ਅਧੀਨ ਕੀਤਾ ਜਾ ਰਿਹਾ। ਬਿਜਲੀ ਸੋਧ ਬਿੱਲ, ਬੀਜ ਬਿੱਲ , ਚਾਰ ਲੇਬਰ ਕੋਡ , ਜੀਰਾਮ ਜੀ ਕਾਨੂੰਨ ਆਦਿ ਲੋਕ ਵਿਰੋਧੀ ਕਾਨੂੰਨ ਲਿਆ ਕੇ ਲੋਕਾਂ ਦੇ ਹੱਕ ਖੋਹ ਕੇ ਕਾਰਪੋਰੇਟ ਨੂੰ ਸੌਂਪੇ ਜਾ ਰਹੇ ਹਨ।
ਅੱਜ ਦੇ ਇਕੱਠ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਉੱਪਰ ਲੀਕ ਮਾਰਕੇ ਸਾਰੀਆਂ ਫਸਲਾਂ ਦੇ ਐੱਮਐੱਸ ਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ। ਬੀਜ ਬਿੱਲ , ਬਿਜਲੀ ਸੋਧ ਬਿੱਲ , ਚਾਰ ਲੇਬਰ ਕੋਡ , ਜੀਰਾਮ ਜੀ ਕਾਨੂੰਨ , ਅਮਰੀਕਾ ਨਾਲ ਫਰੀ ਟਰੇਡ ਸਮਝੌਤਾ ਅਤੇ ਸਾਰੇ ਲੋਕ ਵਿਰੋਧੀ ਕਾਨੂੰਨ ਅਤੇ ਬਿੱਲ ਰੱਦ ਕੀਤੇ ਜਾਣ। ਵੱਖ ਵੱਖ ਦੇਸ਼ਾਂ ਦੇ ਮਾਲ ਖਜਾਨੇ ਲੁੱਟਣੇ ਬੰਦ ਕੀਤੇ ਜਾਣ, ਨਹੱਕੀਆਂ ਜੰਗਾ ਬੰਦ ਕੀਤੀਆਂ ਜਾਣ। ਬੰਬਾਂ ਨਾਲ ਬੱਚਿਆਂ ਔਰਤਾਂ ਬਜ਼ੁਰਗਾਂ ਅਤੇ ਲੋਕਾਂ ਨੂੰ ਮਾਰਨਾਂ ਬੰਦ ਕੀਤਾ ਜਾਵੇ। ਰੈਲੀ ਕਰਨ ਉਪਰੰਤ ਲੋਕਾਂ ਵੱਲੋਂ ਕਾਫਲੇ ਦੇ ਰੂਪ ਵਿੱਚ ਦੇਸ਼ ਦੇ ਇਨਕਲਾਬੀ ਸ਼ਹੀਦਾਂ ਨੂੰ ਨਤਮਸਤਕ ਹੋਕੇ ਓਹਨਾ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਿਆ ਅਹਿਦ ਦੁਹਰਾਇਆ ਗਿਆ।
ਇਸ ਮੌਕੇ ਡਾ ਦਰਸ਼ਨਪਾਲ, ਦਲਵਿੰਦਰ ਸਿੰਘ ਸ਼ੇਰਖਾਂ ਅਵਤਾਰ ਸਿੰਘ ਮਹਿਮਾਂ ਸੁਖਵਿੰਦਰ ਸਿੰਘ ਔਲਖ (ਹਰਿਆਣਾ) ਸ਼ਸ਼ੀਕਾਂਤ ਅਲੀਗੜ੍ਹ( ਯੂਪੀ ) ਸੁਖਦੇਵ ਸਿੰਘ ਅਰਾਈਆਂ ਵਾਲਾ ਜਗਰੂਪ ਸਿੰਘ ਭੁੱਲਰ ਸੂਰਜ ਪ੍ਰਕਾਸ਼ ਬਾਜੇਕੇ ਗੁਰਮੀਤ ਸਿੰਘ ਘੋੜੇਚੱਕ ਮਲਕੀਤ ਸਿੰਘ ਹਰਾਜ ਰਾਕੇਸ਼ ਸ਼ਰਮਾ ਸਾਰਜ਼ ਸਿੰਘ ਬੰਬ ਆਦਿ ਆਗੂਆਂ ਨੇ ਸੰਬੋਧਨ ਕੀਤਾ।












