ਨਵੀਂ ਦਿੱਲੀ, 23 ਮਾਰਚ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):
ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸਿੱਖਾਂ ਦੇ ਪੰਜ ਤਖ਼ਤ ਸਾਹਿਬਾਨ ਨੂੰ ਰੇਲ ਸੇਵਾ ਨਾਲ ਜੋੜਨ, ਨਵੀਂ ਰੇਲ ਸੇਵਾ ਸ਼ੁਰੂ ਕਰਨ ਅਤੇ ਪਹਿਲਾਂ ਤੋਂ ਚੱਲ ਰਹੀ ਰੇਲ ਸੇਵਾ ਨੂੰ ਅਤਿਆਧੁਨਿਕ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਵਿਦੇਸ਼ ਤੋਂ ਤਖ਼ਤ ਸਾਹਿਬਾਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਵਿਧਾ ਮਿਲੇਗੀ ਅਤੇ ਨਾਲ ਹੀ ਸ਼ਰਧਾਲੂਆਂ ਦੀ ਗਿਣਤੀ ਵੀ ਵਧੇਗੀ। ਸਰਦਾਰ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਤਖ਼ਤ ਪਟਨਾ ਸਾਹਿਬ ਵਿੱਚ ਸ਼ਰਧਾਲੂਆਂ ਦੀ ਸੁਵਿਧਾ ਲਈ ਜੋ ਵੀ ਮੰਗ ਕੇਂਦਰੀ ਰਾਜ ਮੰਤਰੀ ਦੇ ਸਮੱਖ ਰੱਖੀ ਜਾਂਦੀ ਹੈ, ਉਸ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜ ਤਖ਼ਤ ਸਾਹਿਬਾਨ ਲਈ ਵਿਸ਼ੇਸ਼ ਟ੍ਰੇਨ ਚਲਾਈ ਗਈ, ਜਿਸ ਦੀ ਪੂਰੀ ਮਾਨੀਟਰਿੰਗ ਖੁਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀ ਗਈ, ਜਿਸ ਕਰਕੇ ਸੰਗਤ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਪੰਜ ਤਖ਼ਤ ਸਾਹਿਬਾਨ ਦੇ ਦਰਸ਼ਨ ਹੋ ਸਕੇ। ਇਸੇ ਤਰ੍ਹਾਂ ਪੰਜਾਬ ਤੋਂ ਤਖ਼ਤ ਪਟਨਾ ਸਾਹਿਬ ਲਈ ਵਾਧੂ ਰੇਲ ਸੇਵਾ ਸ਼ੁਰੂ ਕਰਨ ਅਤੇ ਪਟਨਾ ਸਾਹਿਬ ਤੋਂ ਹੋ ਕੇ ਗੁਜ਼ਰਨ ਵਾਲੀਆਂ ਸਾਰੀਆਂ ਟ੍ਰੇਨਾਂ ਦਾ ਪਟਨਾ ਸਾਹਿਬ ਸਟੇਸ਼ਨ ਤੇ ਠਹਿਰਾਓ ਹੋ ਸਕੇ, ਇਸ ਲਈ ਵੀ ਮਾਨਯੋਗ ਕੇਂਦਰੀ ਮੰਤਰੀ ਦੇ ਸਮੱਖ ਮੰਗ ਰੱਖੀ ਗਈ ਸੀ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਟਨਾ ਸਾਹਿਬ ਰੇਲਵੇ ਸਟੇਸ਼ਨ ਦਾ ਵਿਸਥਾਰ ਕਰਕੇ ਇਸ ਨੂੰ ਵੱਡਾ ਬਣਾਉਣਾ, ਪਲੇਟਫਾਰਮ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨਾ, ਪਲੇਟਫਾਰਮ ਤੇ ਐਸਕੇਲੇਟਰ ਲਗਾ ਕੇ ਸਟੇਸ਼ਨ ਦਾ ਪੂਰੀ ਤਰ੍ਹਾਂ ਸੁੰਦਰਿਕਰਨ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ, ਜੋ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਦਾ ਖਾਸ ਤੌਰ ਤੇ ਪੰਜਾਬ ਤੋਂ ਤਖ਼ਤ ਪਟਨਾ ਸਾਹਿਬ ਜਾਣ ਵਾਲੀ ਸੰਗਤ ਨੂੰ ਵਿਸ਼ੇਸ਼ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਤਖ਼ਤ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਬਠਿੰਡਾ ਨੂੰ ਰੇਲ ਸੇਵਾ ਨਾਲ ਜੋੜਨ ਦਾ ਵੀ ਸਰਾਹਣਯੋਗ ਯਤਨ ਕੀਤਾ ਗਿਆ ਹੈ, ਜਿਸ ਲਈ ਸਮੂਹ ਸਿੱਖ ਪੰਥ ਕੇਂਦਰੀ ਰੇਲ ਰਾਜ ਮੰਤਰੀ ਅਤੇ ਵਿਸ਼ੇਸ਼ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਕੈਬਿਨੇਟ ਦਾ ਆਭਾਰ ਪ੍ਰਗਟ ਕਰਦਾ ਹੈ।












