ਭਗਵੰਤ ਮਾਨ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਸੰਗਰੂਰ :ਡੀਟੀਐਫ
ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚ ਧੂਹ ਤੇ ਨਜ਼ਰਬੰਦੀ ਕਰਨ ਦੀ ਡੀਟੀਐਫ ਵੱਲੋਂ ਸਖਤ ਨਿਖੇਧੀ
ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਖਾਲੀ ਹਜ਼ਾਰਾਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ: ਡੀਟੀਐਫ
ਪੰਜਾਬ ਸਰਕਾਰ ਦੀ ਪ੍ਰਚਾਰਿਤ ‘ਸਿੱਖਿਆ ਕ੍ਰਾਂਤੀ’ ਹਕੀਕਤ ਤੋਂ ਕੋਹਾਂ ਦੂਰ: ਡੀ.ਟੀ.ਐੱਫ.
ਸੰਗਰੂਰ, 24 ਮਾਰਚ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਨੇ ਲੰਘੇ ਸਾਲ 2025 ਦੌਰਾਨ ‘ਸਿੱਖਿਆ ਕ੍ਰਾਂਤੀ’ ਪ੍ਰਚਾਰ ਮੁਹਿੰਮ ਚਲਾਉਂਦਿਆਂ ਸਿੱਖਿਆ ਵਿੱਚ ਸੁਧਾਰ ਲਿਆਉਣ ਸਬੰਧੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਹਨ ਪਰ ਇਹ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ। ਇੱਕ ਪਾਸੇ ਜਿੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਈ.ਟੀ.ਟੀ., ਮਾਸਟਰ, ਲੈਕਚਰਾਰ, ਆਰਟ ਐਂਡ ਕਰਾਫਟ, ਡੀਪੀਈ ਸਮੇਤ ਬਾਕੀ ਵਿਸ਼ਿਆਂ ਦੀਆਂ ਨਵੀਆਂ ਭਰਤੀਆਂ ਦੇ ਇਸ਼ਤਿਹਾਰ ਨਹੀਂ ਜਾਰੀ ਕੀਤੇ ਗਏ ਹਨ, ਦੂਜੇ ਪਾਸੇ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਨੂੰ ਸਰਕਾਰੀ ਅਧਿਆਪਨ ਦੇ ਪੱਤਰ ਦੇਣ ਦੀ ਥਾਂ ਨਿੱਤ ਪੁਲਿਸੀਆ ‘ਡੰਡੇ’ ਨਾਲ ਨਿਵਾਜਿਆ ਜਾ ਰਿਹਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਇਸ ਵਰਤਾਰੇ ਦਾ ਸਖਤ ਨੋਟਿਸ ਲੈਂਦੇ ਹੋਏ ਬੀਤੇ ਕੱਲ ਮੁੱਖ ਮੰਤਰੀ ਦੇ ਸੰਗਰੂਰ ਨਿਵਾਸ ਅੱਗੇ ।ਬੇਰੁਜ਼ਗਾਰ ਸਾਂਝੇ ਮੋਰਚੇ, ਬੇਰੁਜ਼ਗਾਰ ਲੈਕਚਰਾਰ ਯੂਨੀਅਨ, ਬੇਰੁਜ਼ਗਾਰ ਬੀ ਐਡ ਟੈੱਟ ਪਾਸ ਯੂਨੀਅਨ, ਸਰੀਰਕ ਸਿੱਖਿਆ ਮਾਸਟਰ ਕਾਡਰ ਯੂਨੀਅਨ ਦੇ ਅਧਿਆਪਕਾਂ ਨਾਲ ਤਿੱਖੀ ਖਿੱਚ ਧੂਹ ਤੇ ਦਸਤਾਰਾਂ ਨੂੰ ਪੈਰੀ ਰੋਲਣ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਨਜ਼ਰਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਸਬੰਧੀ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਹਿਲਾਂ ਕ਼ਈ ਮੌਕਿਆਂ ਵਾਂਗ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਵੀ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਇਹ ਧੱਕੇਸ਼ਾਹੀ ਨੇ ਮੌਜੂਦਾ ਸਰਕਾਰ ਵੱਲੋਂ ਦਿੱਤੇ ਜਾਂਦੇ ‘ਇਨਕਲਾਬ’ ਜਾਂ ‘ਬਦਲਾਅ’ ਦੇ ਖੋਖਲੇ ਨਾਅਰਿਆਂ ਨੂੰ ਇੱਕ ਵਾਰ ਫਿਰ ਤੋਂ ਬੇਨਕਾਬ ਕੀਤਾ ਹੈ। ਡੀਟੀਐਫ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਮੀਤ ਪ੍ਰਧਾਨ: ਰਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੁੱਲੇਵਾਲ, ਜਗਪਾਲ ਬੰਗੀ ਅਤੇ ਹਰਜਿੰਦਰ ਵਡਾਲਾ ਬਾਂਗਰ ਨੇ ਕਿਹਾ ਕਿ ਫਰਵਰੀ 2022 ਵਿੱਚ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਦਾ ਇੱਕ ਵੀਂ ਨਵਾਂ ਇਸ਼ਤਿਹਾਰ ਜਾਰੀ ਨਹੀਂ ਕੀਤੀ ਹੈ, ਸਗੋਂ ਲੈਕਚਰਾਰ, ਪੀਟੀਆਈ, ਆਰਟ ਕਰਾਫਟ ਅਤੇ ਹੋਰ ਭਰਤੀਆਂ ਦੇ ਪਹਿਲਾਂ ਕੱਢੇ ਇਸ਼ਤਿਹਾਰ ਵਾਪਸ ਜਰੂਰ ਲਏ ਹਨ। ਪਿਛਲੀ ਸਰਕਾਰ ਵੇਲੇ ਕੱਢੀਆਂ ਭਰਤੀਆਂ ‘ਚੋਂ ਪ੍ਰਾਇਮਰੀ ਕਾਡਰ ਵਿੱਚ 5994 ਈ ਟੀ ਟੀ ਭਰਤੀ ਦੀਆਂ ਬੈਕਲਾਗ ਕੋਟੇ ਦੀਆਂ 3000 ਦੇ ਕਰੀਬ ਅਸਾਮੀਆਂ ਸਬੰਧਿਤ ਕੈਟਾਗਰੀ ਵਿੱਚ ਡੀ-ਰਿਜਰਵ ਕਰਕੇ ਅਧਿਆਪਕਾਂ ਨੂੰ ਹਾਲੇ ਆਰਡਰ ਜਾਰੀ ਨਹੀਂ ਹੋਏ ਹਨ।
ਪ੍ਰਾਇਮਰੀ ਵਿੱਚ ਖੇਡ ਅਧਿਆਪਕਾਂ ਦੀ 2000 ਪੀ.ਟੀ.ਆਈ. ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਭਰਤੀ ਦੇ ਨਿਯਮ ਤੈਅ ਕਰਨ ਦੇ ਨਾਂ ਹੇਠ ਇੱਕ ਕਮੇਟੀ ਦੇ ਹਵਾਲੇ ਕਰਕੇ ਠੰਡੇ ਬਸਤੇ ਪਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਸਟਰ ਕਾਡਰ ਦੀਆਂ ਵੱਖ ਵੱਖ ਵਿਸ਼ਿਆਂ ਦੀ 15000 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ। ਸਰਕਾਰ ਵੱਲੋਂ ਮਾਸਟਰ ਕਾਡਰ ਦੀਆਂ ਖਾਲੀ ਪੋਸਟਾਂ ‘ਤੇ ਸਿੱਧੀ ਭਰਤੀ ਕਰਨ ਲਈ ਕੋਈ ਨਵਾਂ ਇਸ਼ਤਿਹਾਰ ਜਾਰੀ ਨਹੀਂ ਕੀਤਾ ਹੈ ਅਤੇ ਨਾ ਹੀ ਵੱਖ-ਵੱਖ ਵਿਸ਼ਿਆਂ ਤੇ ਲਾਈ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਵਾਪਸ ਲਈ ਹੈ ਤੇ ਨਾ ਹੀ ਓਵਰ ਏਜ ਹੋ ਚੁੱਕੇ ਬੇਰੁਜ਼ਗਾਰਾਂ ਦੇ ਮਸਲੇ ਦਾ ਕੋਈ ਸਾਰਥਕ ਹੱਲ ਕੀਤਾ ਹੈ।
ਦੂਜੇ ਪਾਸੇ ਵਿਸ਼ਾ ਅਧਿਆਪਕ ਨਾ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਆਰਟ ਕਰਾਫਟ ਅਸਾਮੀਆਂ ਦੀ ਵੀ ਪਿਛਲੇ ਇੱਕ ਦਹਾਕੇ ਤੋਂ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ ਹੈ। ਲੈਕਚਰਾਰ ਕਾਡਰ ਦੀਆਂ ਕੁਲ ਅਸਾਮੀਆਂ ਵਿੱਚੋਂ ਵੱਖ=ਵੱਖ ਵਿਸ਼ਿਆਂ ਦੀ 50 ਫੀਸਦੀ ਪੋਸਟਾਂ ਖਾਲੀ ਪਾਈਆਂ ਹਨ, ਜਿਹਨਾਂ ਦੀ ਗਿਣਤੀ 8000 ਤੋਂ ਉਪਰ ਹਨ ਇਹਨਾਂ ਵਿੱਚ ਸਭ ਤੋਂ ਵੱਧ ਖਾਲੀ ਪੋਸਟਾਂ ਆਰਟਸ ਸਟ੍ਰੀਮ ਦੀਆਂ ਹਨ। ਜ਼ਿਲ੍ਹਿਆਂ ਅੰਦਰ ਵੱਡੇ ਪੱਧਰ ਤੇ ਸੀਨੀਅਰ ਸੈਕੰਡਰੀ ਸਕੂਲ ਅਜਿਹੇ ਹਨ ਜਿਹਨਾਂ ਵਿੱਚ ਇਕ ਵੀ ਲੈਕਚਰਾਰ ਨਹੀਂ ਹੈ ਅਤੇ ਹੇਠਲੇ ਕਾਡਰ ਦੇ ਅਧਿਆਪਕਾਂ ਨਾਲ ਹੀ ਬੁਤਾ ਸਾਰਿਆ ਜਾ ਰਿਹਾ ਹੈ।












