ਪੰਜਾਬ ਦੇ ਲੋਕਾਂ ਦੀ ਸੋਚ ਨੂੰ ਲੱਗੀ ਸਿਉਂਕ!
( ਭਾਗ ਪਹਿਲਾ )
ਪੰਜਾਬ ਦੀ ਜਰਖੇਜ਼ ਜ਼ਮੀਨ ਵਿੱਚ ਜਦੋਂ ਦੀ ਸਿਆਸੀ ਸਿਉਂਕ ਬੜੀ ਹੈ, ਇਸ ਨੇ ਆਪਣੇ ਆਲੇ ਦੁਆਲੇ ਅਨੇਕ ਕਿਸਮਾਂ ਦੀਆਂ ਸਿਉਂਕ ਦੀਆਂ ਨਸਲਾਂ ਪੈਦਾ ਕੀਤੀਆਂ ਹਨ। ਜਿਹੜੀਆਂ ਇਹਨਾਂ ਦੀ ਸੇਵਾ ਕਰਨ ਲਈ ਹਰ ਵੇਲੇ ਤਿਆਰ ਰਹਿੰਦੀਆਂ ਹਨ। ਸਿਉਂਕ ਉਥੇ ਲੱਗਦੀ ਹੈ, ਜਿਥੇ ਧਰਤੀ ਉਪਜਾਊ ਸ਼ਕਤੀ ਰੱਖਦੀ ਹੈ। ਇਹ ਜਿਸ ਦਰਖ਼ਤ ਵਿੱਚ ਵੜ ਜਾਂਦੀ ਹੈ, ਉਸਨੂੰ ਖ਼ਤਮ ਕਰ ਦਿੰਦੀ ਹੈ। ਪਹਿਲਾਂ ਤਾਂ ਇਹ ਸਿਉਂਕ ਕੇਵਲ ਰੁੱਖਾਂ ਨੂੰ ਲੱਗਦੀ ਸੀ। ਹੁਣ ਇਹ ਉਹਨਾਂ ਦੇ ਰਾਹੀਂ ਘਰ ਘਰ ਪੁਜ ਗਈ ਹੈ। ਇਸ ਦੀ ਮਾਰ ਤੋਂ ਕੋਈ ਨਹੀਂ ਬਚਿਆ। ਜਿਹੜੇ ਕਹਿੰਦੇ ਹਨ ਕਿ ਅਸੀਂ ਸਿਉਂਕ ਦੀ ਰੋਕਥਾਮ ਲਈ ਢੁਕਵੀਂ ਦਵਾਈ ਦਾ ਛਿੜਕਾਅ ਕੀਤਾ ਹੈ। ਉਹਨਾਂ ਦੇ ਦਾਅਵੇ ਖੋਖਲੇ ਹਨ। ਜਿਵੇਂ ਖੇਤੀਬਾੜੀ ਵਿਗਿਆਨੀਆਂ ਤੋਂ ਗੁਲੀ ਡੰਡੇ ਤੇ ਡੀਲੇ ਦਾ ਖਾਤਮਾ ਨਹੀਂ ਹੋਇਆ। ਭਾਵੇਂ ਉਹਨਾਂ ਨੇ ਇਸ ਦੀ ਰੋਕਥਾਮ ਕਰਨ ਵਾਲੀਆਂ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਨਾਲ ਰਲ਼ ਕੇ ਮੋਟੀ ਕਮਾਈ ਕਰ ਲਈ ਹੈ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਚਾਉਣ ਲਈ ਦੋ ਜਾਂ ਚਾਰ ਵਾਰ ਸਪਰੇਅ ਕਰਨੀਂ ਪੈਂਦੀ ਹੈ। ਇਹਨਾਂ ਵਿਗਿਆਨੀਆਂ ਨੇ ਮਿੱਤਰ ਕੀੜਿਆਂ ਦਾ ਖ਼ਾਤਮਾ ਜ਼ਰੂਰ ਕਰ ਦਿੱਤਾ ਹੈ। ਜਿਵੇਂ ਜੰਗ ਵਿੱਚ ਗਿੱਲੀ ਤੇ ਸੁੱਕੀ ਲੱਕੜ ਜਲਦੀ ਹੈ, ਇਸੇ ਤਰ੍ਹਾਂ ਟਿੱਡੀ ਦਲ ਨੂੰ ਮਕਾਉਣ ਦੇ ਨਾਲ ਨਾਲ ਉਹਨਾਂ ਮਿੱਤਰ ਕੀੜਿਆਂ ਦਾ ਵੀ ਸਫ਼ਾਇਆ ਕਰ ਦਿੱਤਾ ਹੈ।
ਸਿਉਂਕ ਬੰਦੇ ਦੀ ਸੋਚ ਨੂੰ ਲੱਗ ਜਾਏ ਤਾਂ ਉਹ ਇੱਕ ਦਿਨ ਖ਼ਤਮ ਹੋ ਜਾਂਦਾ ਹੈ। ਹੁਣ ਜੇ ਤੁਸੀਂ ਇਸ ਸਿਉਂਕ ਦੀਆਂ ਨਸਲਾਂ ਤੇ ਕਿਸਮਾਂ ਦੀ ਸੂਚੀ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਤੁਸੀਂ ਇਸ ਨੂੰ ਮੁਕੰਮਲ ਨਹੀਂ ਕਰ ਸਕਦੇ। ਕਿਉਂਕਿ ਪਰਦੇ ਦੇ ਪਿੱਛੇ ਬਹੁਤ ਕੁੱਝ ਅਜਿਹਾ ਵਾਪਰਦਾ ਹੈ, ਜਿਹੜਾ ਨਜ਼ਰ ਨਹੀਂ ਆਉਂਦਾ। ਦੁੱਖ ਇਸ ਗੱਲ ਦਾ ਵੀ ਹੈ, ਜਿਹਨਾਂ ਨੂੰ ਦਿਖਦਾ ਵੀ ਹੈ, ਉਹ ਚੁੱਪ ਚਾਪ ਤਮਾਸ਼ਾ ਤੱਕਦੇ ਹਨ। ਉਹ ਨਾ ਬੋਲਦੇ ਹਨ ਤੇ ਨਾ ਹੀ ਲਿਖਦੇ ਹਨ। ਉਹ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਵਾਂਗੂੰ ਵਿਕਦੇ ਹਨ।
ਕੁੱਝ ਦਿਨਾਂ ਤੋਂ ਮੈਂ ਸਿਉਂਕ ਦੀਆਂ ਨਸਲਾਂ ਤੇ ਕਿਸਮਾਂ ਬਾਰੇ ਜਾਣਕਾਰੀ ਇਕੱਤਰ ਕਰਨ ਲੱਗਿਆ ਹੋਇਆ ਸੀ। ਇਸ ਸਿਉਂਕ ਦਾ ਕੁਰਸੀ ਨਾਮਾ ਪੁਰਾਤਨ ਸੱਭਿਅਤਾ ਨਾਲ ਜੁੜਿਆ ਹੋਇਆ ਹੈ। ਉਦੋਂ ਇਸ ਸਿਉਂਕ ਦੀਆਂ ਥੋੜ੍ਹੀਆਂ ਜਿਹੀਆਂ ਕਿਸਮਾਂ ਸਨ। ਉਦੋਂ ਅਬਾਦੀ ਘੱਟ ਗਿਣਤੀ ਵਿੱਚ ਸੀ। ਸਿਉਂਕ ਵੀ ਘੱਟ ਹੁੰਦੀ ਸੀ, ਉਂਝ ਸਿਉਂਕ ਵੱਧ ਹੋਵੇ ਜਾਂ ਘੱਟ ਉਹ ਨੁਕਸਾਨ ਹੀ ਕਰਦੀ ਹੈ।
ਜਦੋਂ ਦੇਸ਼ ਆਜ਼ਾਦੀ ਸੰਗਰਾਮ ਦੀ ਲੜਾਈ ਲੜਦਾ ਸੀ, ਉਦੋਂ ਅੰਗਰੇਜ਼ ਹਕੂਮਤ ਨੇ ਇਹ ਸਿਉਂਕ ਪੈਦਾ ਕੀਤੀ। ਇਸ ਸਿਉਂਕ ਦੇ ਨਾਮ ਵੀ ਉਹਨਾਂ ਨੇ ਵੱਖਰੇ ਵੱਖਰੇ ਰੱਖੇ। ਮੁਹਾਵਰਾ ਹੈ, ਜਿਹਾ ਤੇਰਾ ਖਾਣਾ ਪਾਣੀ, ਓਹੋ ਜਿਹਾ ਮੇਰਾ ਕੰਮ ਜਾਣੀ। ਉਹਨਾਂ ਨੇ ਅੰਗਰੇਜ਼ ਹਕੂਮਤ ਦਾ ਜਿੰਨਾ ਕੁ ਕੰਮ ਕੀਤਾ, ਉਹੋ ਜਿਹਾ ਉਸਨੂੰ ਰੁਤਬਾ ਦਿੱਤਾ ਗਿਆ। ਕੰਮ ਉਹਨਾਂ ਦਾ ਅੰਗਰੇਜ਼ ਹਕੂਮਤ ਦੀ ਪੁਸ਼ਤਪਨਾਹੀ ਕਰਨਾ ਹੁੰਦਾ ਸੀ, ਇਸ ਲਈ ਉਹ ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਦਾ ਖ਼ਾਸ ਖ਼ਿਆਲ ਰੱਖਦੇ ਸਨ। ਉਹਨਾਂ ਨੂੰ ਸਰਦਾਰ ਬਹਾਦਰ, ਰਸਾਲਦਾਰ, ਜੈਲਦਾਰ, ਨੰਬਰਦਾਰ ਤੇ ਹੋਰ ਕਈ ਨਾਵਾਂ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਉਹ ਅੰਗਰੇਜ਼ ਹਕੂਮਤ ਦੇ ਸੇਵਾਦਾਰ ਬਣ ਕੇ ਦੇਸ਼ ਭਗਤਾਂ ਦੀ ਮੁਖ਼ਬਰੀ ਕਰਦੇ ਸਨ।
ਅੰਗਰੇਜ਼ ਹਕੂਮਤ ਨੇ ਪੰਜਾਬ ਉਪਰ ਕਬਜ਼ਾ ਕਰਨ ਤੋਂ ਪਹਿਲਾਂ ਇਥੇ ਗੁਪਤ ਸਰਵੇਖਣ ਕੀਤਾ ਸੀ। ਜਿਸ ਦੀ ਅਗਵਾਈ ੍ਹਮੈਕਾਲਿਆ ਨੇ ਕੀਤੀ ਸੀ, ਉਸਨੇ ਇੰਗਲੈਂਡ ਸਰਕਾਰ ਨੂੰ ਰਿਪੋਰਟ ਦਿੱਤੀ ਸੀ ਕਿ, ਪੰਜਾਬ ਉਪਰ ਕਬਜ਼ਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਪੜ੍ਹੇ ਲਿਖੇ ਲੋਕ ਹਨ। ਸਾਂਝੇ ਪਰਿਵਾਰ ਹਨ, ਹਰ ਦੁੱਖ ਸੁੱਖ ਰਲ਼ ਕੇ ਮਨਾਉਂਦੇ ਹਨ। ਲੜਨ ਮਰਨ ਤੋਂ ਡਰਦੇ ਨਹੀਂ, ਜੇਕਰ ਡਰਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਡਰਦੇ ਹਨ। ਜਦੋਂ ਇਹ ਅਰਦਾਸ ਕਰਕੇ ਤੁਰਦੇ ਹਨ ਤਾਂ ਪਿਛੇ ਨਹੀਂ ਮੁੜਦੇ। ਇਹਨਾਂ ਉਪਰ ਕਬਜ਼ਾ ਕਰਨਾ ਔਖਾ ਕੰਮ ਹੈ, ਇਹ ਕਦੇ ਵੀ ਬਗ਼ਾਵਤ ਕਰਕੇ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋ ਸਕਦੇ ਹਨ। ਉਦੋਂ ਅੰਗਰੇਜ਼ਾਂ ਨੇ ਪੰਜ ਫ਼ੌਜੀਆਂ ਨੂੰ ਸੰਤ ਬਣਾਇਆ ਤੇ ਉਹਨਾਂ ਪੰਜਾਬ ਦੇ ਵਿੱਚ ਸਥਾਪਿਤ ਕੀਤਾ। ਉਹਨਾਂ ਸੰਤਾਂ ਨੇ ਲੋਕਾਂ ਦੇ ਹੱਥਾਂ ਵਿੱਚ ਹਥਿਆਰ ਦੀ ਥਾਂ ਮਾਲਾ ਫੜਾ ਦਿੱਤੀ। ਪਿੰਡਾਂ ਵਿਚੋਂ ਕ਼ਾਇਦਾ ਬਰਾਮਦ ਕਰਨ ਲਈ, ਇਨਾਮ ਰੱਖਿਆ, ਦੱਸਣ ਵਾਲੇ ਨੂੰ ਪੰਜ ਆਨੇ, ਕਾਇਦੇ ਵਾਲੇ ਨੂੰ ਤਿੰਨ ਆਨੇ ਦੇਣ ਦਾ ਐਲਾਨ ਕੀਤਾ। ਪੰਜਾਬ ਦੇ ਸੂਰਮਿਆਂ ਨੇ ਧੜਾਧੜ ਮੁਖਬਰੀਆਂ ਕਰਕੇ ਕਾਇਦੇ ਹਕੂਮਤ ਦੇ ਹਵਾਲੇ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਉਧਰ ਦੇਸ਼ ਭਗਤਾਂ ਨੇ ਆਜ਼ਾਦੀ ਦੀ ਲਹਿਰ ਜਾਰੀ ਰੱਖੀ। ਪੰਜਾਬ ਦੇ ਲੋਕਾਂ ਵਿੱਚ ਸੂਰਮਿਆਂ ਦੇ ਨਾਲੋਂ ਗਦਾਰਾਂ ਦੀ ਗਿਣਤੀ ਵਧੇਰੇ ਹੈ, ਇਹ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਪਹਿਲਾ ਐਨੀ ਗਿਣਤੀ ਨਹੀਂ ਸੀ, ਨਾ ਲੋਕਾਂ ਨੇ ਮੂੰਹ ਤੇ ਮਿੱਟੀ ਮਲੀ ਸੀ। ਉਦੋਂ ਜੇਕਰ ਧਾੜਵੀ ਪਿੰਡ ਉਪਰ ਹਮਲਾ ਕਰਦੇ ਤਾਂ ਸਾਰਾ ਪਿੰਡ ਇੱਕਜੁੱਟ ਹੋ ਕੇ ਉਹਨਾਂ ਨੂੰ ਖ਼ਿਲਾਫ਼ ਲੜਾਈ ਲੜਦਾ। ਉਦੋਂ ਦੁੱਖ ਤੇ ਦਰਦ ਸਾਂਝੇ ਸੀ। ਹੁਣ ਦੁੱਖ ਤੇ ਸੁੱਖ ਆਪੋ ਆਪਣੇ ਬਣ ਗਏ ਹਨ।
ਬੁੱਧ ਸਿੰਘ ਨੀਲੋਂ
9464370823












