ਨਵੀਂ ਦਿੱਲੀ 31 ਮਾਰਚ,ਬੋਲੇ ਪੰਜਾਬ ਬਿਉਰੋ (ਮਨਪ੍ਰੀਤ ਸਿੰਘ ਖਾਲਸਾ):-
ਪਛਮੀ ਦਿੱਲੀ ਦੇ ਫਤਹਿ ਨਗਰ ਵਿਖ਼ੇ ਬਣੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਵਿਖ਼ੇ ਵਿਸਾਖੀ ਪੁਰਬ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮ 2 ਅਪ੍ਰੈਲ ਤੋਂ 18 ਅਪ੍ਰੈਲ ਤਕ ਹੋ ਰਹੇ ਹਨ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਮਨਦੀਪ ਸਿੰਘ, ਭਾਈ ਗੁਰਦੇਵ ਸਿੰਘ ਅਤੇ ਭਾਈ ਇਕਬਾਲ ਸਿੰਘ ਨੇ ਦਸਿਆ ਕਿ ਇਸ ਮੌਕੇ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ 12 ਅਪ੍ਰੈਲ ਨੂੰ ਸਵੇਰੇ ਹੋਵੇਗੀ ਅਤੇ ਉਨ੍ਹਾਂ ਦੇ ਭੋਗ 14 ਅਪ੍ਰੈਲ ਨੂੰ ਸਵੇਰੇ ਪਾਏ ਜਾਣਗੇ ਜਿਸ ਉਪਰੰਤ ਸਵੇਰੇ 5.30 ਵਜੇ ਤੋਂ ਰਾਤ 11 ਵਜੇ ਤਕ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦਸਿਆ ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਮਨਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਨਿਰਮਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਪਵਨਦੀਪ ਸਿੰਘ ਕਾਨਪੁਰੀ, ਭਾਈ ਜਗਤਾਰ ਸਿੰਘ ਲਾਡੀ ਖਰੜ, ਭਾਈ ਜਗਤੇਸ਼ਵਰ ਸਿੰਘ ਪਟਿਆਲਾ ਅਤੇ ਭਾਈ ਜਗਜੀਤ ਸਿੰਘ ਹਜੂਰੀ ਰਾਗੀ ਸ਼ਹੀਦਾਂ ਸਾਹਿਬ ਸਮੇਤ ਹੋਰ ਵੀ ਕੀਰਤਨੀ ਜੱਥੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀਂ ਨਿਤਨੇਮ ਦੀ ਸੰਥਿਆ ਦੀ ਸਮਾਪਤੀ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਸੰਥਿਆ ਸ਼ੁਰੂ ਹੋ ਗਈ ਹੈ ਜਿਸ ਵਿਚ ਸੈਕੜੇ ਪ੍ਰਾਣੀ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਰਹੇ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਮੋਹਨ ਸਿੰਘ ਆਨੰਦ ਅਤੇ ਸਕੱਤਰ ਮਨਮੋਹਨ ਸਿੰਘ ਨੇ ਗੁਰਦੁਆਰਾ ਸਾਹਿਬ ਵਿਖ਼ੇ ਚਲ ਰਹੀ ਕਾਰ ਸੇਵਾ ਅਤੇ ਜਰੂਰਤਮੰਦ ਲੋਕਾਂ ਦੀ ਕੀਤੀ ਜਾ ਰਹੀ ਮਦਦ ਬਾਰੇ ਦਸਿਆ। ਉਨ੍ਹਾਂ ਦਸਿਆ ਕਿ ਵਿਸਾਖੀ ਪੁਰਬ ਨੂੰ ਸਮਰਪਿਤ ਦੰਦਾਂ ਦੇ ਚੈਕਅਪ ਲਈ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਸ ਵਿਚ ਸੰਗਤਾਂ ਹਾਜ਼ਿਰੀ ਭਰ ਕੇ ਆਪਣੇ ਦੰਦਾਂ ਦਾ ਇਲਾਜ ਕਰਵਾ ਸਕਦੇ ਹਨ ।












