ਸ. ਐਚ.ਐਸ ਫੂਲਕਾ ਇਕ ਚੰਗੇ ਕਾਨੂੰਨਦਾਨ ਹਨ ਪਰ ਉਨ੍ਹਾਂ ਵੱਲੋਂ ਗਿਰਗਟ ਵਾਂਗ ਰੰਗ ਬਦਲਣ ਦੇ ਅਮਲ ਅਤਿ ਦੁੱਖਦਾਇਕ : ਮਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ 2 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਸ. ਹਰਵਿੰਦਰ ਸਿੰਘ ਫੂਲਕਾ ਇਕ ਦਿੱਲੀ ਦੇ ਸੀਨੀਅਰ ਸਿੱਖ ਕਾਨੂੰਨਦਾਨ ਹਨ, ਜਿਨ੍ਹਾਂ ਨੇ ਬੀਤੇ ਸਮੇ ਵਿਚ 1984 ਦੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਆਪਣੇ ਵੱਲੋ ਵੱਡੇ ਉਦਮ ਕੀਤੇ ਅਤੇ ਸਮੇ-ਸਮੇ ਤੇ ਸਿੱਖ ਕੌਮ ਦੀ ਆਵਾਜ਼ ਨੂੰ ਉਠਾਉਦੇ ਰਹੇ ਹਨ, ਲੇਕਿਨ ਉਨ੍ਹਾਂ ਦੇ ਇਹ ਅਮਲ ਕਿ ਵਾਰ-ਵਾਰ ਪਾਰਟੀਆ ਬਦਲਕੇ ਇੱਧਰ-ਉੱਧਰ ਜਾਣਾ ਅਤਿ ਦੁੱਖਦਾਇਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਵਿੰਦਰ ਸਿੰਘ ਫੂਲਕਾ ਵਰਗੀ ਕਾਨੂੰਨ ਦੀ ਮੁਹਾਰਤ ਰੱਖਣ ਵਾਲੀ ਅਤੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੀ ਸਖਸ਼ੀਅਤ ਵੱਲੋ ਪੰਜਾਬੀਆਂ ਅਤੇ ਸਿੱਖਾਂ ਦੀ ਕਤਲ ਕਰਨ ਵਾਲੀ ਜਮਾਤ ਵਿਚ ਸਾਮਿਲ ਹੋਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਉਨ੍ਹਾਂ ਦਾ ਭਾਜਪਾ ਵਿਚ ਜਾਣ ਕਾਰਵਾਈ ਨੂੰ ਅਤਿ ਸ਼ਰਮਨਾਕ ਕਰਾਰ ਦਿਤਾ ਹੈ । ਉਨ੍ਹਾਂ ਸ. ਫੂਲਕਾ ਨੂੰ ਚੇਤੇ ਕਰਵਾਇਆ ਕਿ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਦੀ ਹੁਣੇ ਹੀ ਜਾਰੀ ਹੋਈ ਰਿਪੋਰਟ ਵਿਚ ਬੀਜੇਪੀ ਨੂੰ ਚਲਾਉਣ ਵਾਲੀ ਆਰ.ਐਸ.ਐਸ ਦੀ ਫਿਰਕੂ ਜਮਾਤ ਅਤੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਨੂੰ ਉਪਰੋਕਤ ਕਤਲਾਂ ਲਈ ਜਿੰਮੇਵਾਰ ਠਹਿਰਾਇਆ ਹੈ ਅਤੇ ਇਨ੍ਹਾਂ ਉਤੇ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਨੇ ਪਾਬੰਦੀ ਲਗਾਈ ਹੋਈ ਹੈ । ਅਜਿਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਜਮਾਤਾਂ ਵਿਚ ਸਾਮਿਲ ਹੋਣ ਪਿੱਛੇ ਕੀ ਮਕਸਦ ਹੈ ? ਉਨ੍ਹਾਂ ਸ. ਫੂਲਕਾ ਵਰਗੀਆ ਹੋਰ ਵੀ ਉਹ ਸਿੱਖ ਜੋ ਧੜਾਧੜ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ, ਉਨ੍ਹਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਅਤੇ ਸ੍ਰੀ ਅਮਿਤ ਸ਼ਾਹ ਪੰਜਾਬ ਸੂਬੇ ਵਿਚ ਕ੍ਰਮਵਾਰ ਜਲੰਧਰ ਅਤੇ ਮੋਗਾ ਵਿਖੇ ਆ ਕੇ ਵੱਡੇ-ਵੱਡੇ ਚੋਣ ਮਨੋਰਥਾਂ ਦੀ ਪੂਰਤੀ ਲਈ ਇਕੱਠ ਤਾਂ ਕਰਕੇ ਗਏ ਹਨ, ਪਰ ਲੰਮੇ ਸਮੇ ਤੋ ਜਿਨ੍ਹਾਂ ਦੀਰਘ ਮੁਸ਼ਕਿਲਾਂ ਅਤੇ ਮਸਲਿਆ ਨਾਲ ਸਿੱਖ ਕੌਮ ਅਤੇ ਪੰਜਾਬੀ ਜੂਝਦੇ ਆ ਰਹੇ ਹਨ, ਉਨ੍ਹਾਂ ਵਿਚੋਂ ਕਿਸੇ ਇਕ ਵੀ ਗੰਭੀਰ ਮਸਲੇ ਦਾ ਹੱਲ ਉਪਰੋਕਤ ਦੋਵਾਂ ਬੀਜੇਪੀ ਆਗੂਆਂ ਵੱਲੋ ਨਾ ਕਰਨਾ ਜਿਵੇ ਬੰਦੀ ਸਿੰਘਾਂ ਦੀ ਰਿਹਾਈ, ਵਪਾਰ ਲਈ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁਲ੍ਹਦਿਲੀ ਨਾਲ ਖੋਲਣਾ, ਪੰਜਾਬ ਦੇ ਲੁੱਟੇ ਗਏ ਪਾਣੀਆਂ ਦੀ ਹੁਣ ਤੱਕ ਬਣਦੀ ਰਿਅਲਟੀ ਕੀਮਤ ਨਾ ਦੇਣਾ, ਪੰਜਾਬੀ ਬੋਲਦੇ ਇਲਾਕਿਆ ਅਤੇ ਚੰਡੀਗੜ੍ਹ ਨੂੰ ਪੂਰਨ ਕਾਨੂੰਨੀ ਰੂਪ ਵਿਚ ਪੰਜਾਬ ਦੇ ਸਪੁਰਦ ਕਰਨਾ, ਪੰਜਾਬ ਦੇ ਹੈੱਡਵਰਕਸਾਂ ਤੋ ਖੋਹੀ ਜਾਣ ਵਾਲੀ ਬਿਜਲੀ ਦੇ ਮਸਲੇ ਨੂੰ ਹੱਲ ਕਰਨਾ, ਪੰਜਾਬੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਪੰਜਾਬ ਨੂੰ 2-4 ਵੱਡੀਆ ਇੰਡਸਟਰੀਆ ਦੇਣਾ, ਫ਼ੌਜ ਵਿਚ ਸਿੱਖਾਂ ਦੀ ਪਹਿਲੇ ਵਾਲੀ 33% ਭਰਤੀ ਕੋਟੇ ਨੂੰ ਬਹਾਲ ਕਰਨ, 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣਾ ਆਦਿ ਕਿਸੇ ਵੀ ਮਸਲੇ ਦਾ ਹੱਲ ਨਾ ਕਰਨ ਵਾਲੀ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਵਿਚ ਸ. ਫੂਲਕਾ ਤੇ ਹੋਰ ਸਿੱਖ ਕਿਸ ਬਿਨ੍ਹਾਂ ਤੇ ਸਾਮਿਲ ਹੋ ਰਹੇ ਹਨ ? ਸ. ਮਾਨ ਨੇ ਸ. ਫੂਲਕਾ ਦੀ ਇਸ ਪੰਜਾਬ ਤੇ ਸਿੱਖ ਕੌਮ ਵਿਰੋਧੀ ਕਾਰਵਾਈ ਉਤੇ ਉਚੇਚੇ ਤੌਰ ਤੇ ਜੈ ਸ੍ਰੀ ਰਾਮ ਅਤੇ ਜੈ ਹਿੰਦ ਦਾ ਸੰਦੇਸ ਵੀ ਭੇਜਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।