ਮੋਹਾਲੀ, 5 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਸਾਰੇ ਮਿਹਨਤੀ ਵਫਾਦਾਰ ਵਰਕਰਾਂ ਤੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਇੱਕ ਰਾਜਨੀਤਿਕ ਪਾਰਟੀ ਨਹੀਂ, ਸਗੋਂ ਦੇਸ਼ ਦੀ ਸੇਵਾ, ਰਾਸ਼ਟਰਵਾਦ ਅਤੇ ਲੋਕ-ਭਲਾਈ ਲਈ ਸਮਰਪਿਤ ਇਕ ਵੱਡਾ ਪਰਿਵਾਰ ਹੈ।
ਉੱਭਾ ਨੇ ਕਿਹਾ ਕਿ ਪਾਰਟੀ ਨੇ ਆਪਣੇ ਸਥਾਪਨਾ ਦਿਵਸ ਤੋਂ ਲੈ ਕੇ ਅੱਜ ਤੱਕ ਦੇਸ਼ ਨੂੰ ਮਜ਼ਬੂਤ, ਆਤਮਨਿਰਭਰ ਅਤੇ ਵਿਕਸਿਤ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਅਤੇ ਵਿਸ਼ਵ ਪੱਧਰ ’ਤੇ ਭਾਰਤ ਦੀ ਪਛਾਣ ਹੋਰ ਮਜ਼ਬੂਤ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ “ਸੇਵਾ ਹੀ ਸੰਕਲਪ” ਦੇ ਮੰਤਰ ਨੂੰ ਲੈ ਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਪੰਜਾਬ ਵਿੱਚ ਵੀ ਪਾਰਟੀ ਲਗਾਤਾਰ ਲੋਕਾਂ ਦੇ ਮੁੱਦੇ ਉਠਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਵਿੱਚ ਮਜ਼ਬੂਤ ਵਿਕਲਪ ਵਜੋਂ ਉਭਰੇਗੀ ਤੇ ਆਪਣੇ ਬਲਬੂਤੇ ਤੇ 2027 ਵਿੱਚ ਸਰਕਾਰ ਬਣਾਏਗੀ।
ਉੱਭਾ ਨੇ ਸਾਰੇ ਵਰਕਰਾ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਉਪਲਬਧੀਆਂ ਨੂੰ ਘਰ-ਘਰ ਤੱਕ ਪਹੁੰਚਾਉਣ,ਆਪੋ ਆਪਣੇ ਘਰ,ਦਫ਼ਤਰ ਤੇ ਪਾਰਟੀ ਦਾ ਝੰਡਾ ਲਹਿਰਾਉਣ ਅਤੇ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ।












