ਨਵੀਂ ਦਿੱਲੀ 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਪ੍ਰੈਸ ਬਿਆਨ ਰਾਹੀਂ ਠਾਕੁਰ ਦਲੀਪ ਸਿਹੁੰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪੁਸਤਕ ਕਹਿਣ ਤੇ ਕਰੜਾ ਇਤਰਾਜ ਕੀਤਾ ਅਤੇ ਮੰਦਭਾਗਾ ਦਸਦਿਆਂ ਕਿਹਾ ਇੱਕ ਵਿਅਕਤੀ ਜਿਹੜਾ ਕਿ ਗੁਰਬਾਣੀ ਦੀ ਸੇਧ ਲੈ ਕੇ ਆਪਣੀ ਗੱਦੀ ਦਾ ਪ੍ਰਚਾਰ ਕਰਨ ਤੇ ਲੱਗਾ ਹੋਇਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪੁਸਤਕ ਨਾਲ ਸੰਬੋਧਨ ਕਰ ਰਿਹਾ ਅਤੇ ਨਾਲ ਹੀ ਕਹਿ ਰਿਹਾ ਹੈ ਕੀ ਦੇਹਧਾਰੀ ਗੁਰੂ ਦਾ ਹੋਣਾ ਜਰੂਰੀ ਹੈ ਜੋ ਕਿ ਬਹੁਤ ਹੀ ਨਿੰਦਾਜਨਕ ਹੈ। ਠਾਕੁਰ ਦਲੀਪ ਸਿਹੁੰ ਵੱਲੋਂ ਦਿੱਤੇ ਗਏ ਗੁਰਮਤਿ ਵਿਰੋਧੀ ਬਿਆਨ ਨਾਲ ਸਿੱਖ ਜਗਤ ਵਿੱਚ ਭਾਰੀ ਰੋਸ ਦੇ ਨਾਲ ਸਿੱਖਾਂ ਦੇ ਦਿਲ ਵਲੁੰਧਰੇ ਗਏ ਹਨ। ਇੰਦਰਜੀਤ ਸਿੰਘ ਵਿਕਾਸਪੁਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦਿੱਲੀਪ ਸਿਹੁੰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਜਾਬ ਤੇ ਸੈਂਟਰ ਸਰਕਾਰ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀਆਂ ਹੋ ਰਹੀਆਂ ਹਨ ਉਸ ਨੂੰ ਠਲ ਪਾਉਣ ਲਈ ਇੱਕ ਸਖਤ ਤੋਂ ਸਖਤ ਕਾਨੂੰਨ ਬਣਾਉਣ ਜਿਸ ਵਿੱਚ ਘੱਟੋ ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਮੁਕੱਰਰ ਕੀਤੀ ਜਾਵੇ। ਉਨ੍ਹਾਂ ਦਸਿਆ ਇਸ ਬਾਬਤ 13 ਆਸਾ ਵੈਲਫ਼ੇਅਰ ਟਰੱਸਟ ਪੰਜਾਬ ਅਤੇ ਸੈਂਟਰ ਸਰਕਾਰ ਨੂੰ ਚਿੱਠੀ ਲਿਖ ਕੇ ਪੁਰਜ਼ੋਰ ਮੰਗ ਕਰੇਗਾ। ਤੇਰਾ ਆਸਾ ਵੈਲਫੇਅਰ ਟਰਸਟ ਦੀ ਇੱਕ ਅਹਿਮ ਮੀਟਿੰਗ ਵਿੱਚ ਸਰਦਾਰ ਰਜਿੰਦਰ ਸਿੰਘ ਸ਼ਾਨ, ਸਰਦਾਰ ਬਲਵਿੰਦਰ ਸਿੰਘ ਬਿੰਦਾ ਸਰਦਾਰ ਤੇਜਪਾਲ ਸਿੰਘ ਗੋਰੀ ਅਤੇ ਸਰਦਾਰ ਇੰਦਰਜੀਤ ਸਿੰਘ ਆਸ਼ਾ ਪਾਰਕ ਵਿਸ਼ੇਸ਼ ਰੂਪ ਵਿੱਚ ਹਾਜਿਰ ਸਨ। ਰਜਿੰਦਰ ਸਿੰਘ ਸ਼ਾਨ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕਰਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪੰਥ ਦਾ ਗੁਰੂ ਥਾਪ ਦਿੱਤਾ ਸੀ ਤੇ ਅਰਦਾਸ ਕਰਦਿਆਂ ਅਸੀਂ ਰੋਜ ਕਹਿੰਦੇ ਹਾਂ “ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਇਸ ਲਈ ਕਿਸੇ ਕਿਸਮ ਦੇ ਸ਼ੰਕੇ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਹੈ । ਬਲਵਿੰਦਰ ਸਿੰਘ ਬਿੰਦਾ ਨੇ ਸਾਰੀਆਂ ਸਿੰਘ ਸਭਾਵਾਂ ਦਿੱਲੀ ਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀ ਬਿਆਨ ਦੀ ਸਖ਼ਤ ਨਿਖੇਧੀ ਕਰਨ ਅਤੇ ਇੰਨ੍ਹਾ ਪਖੰਡੀ ਸਾਧਾਂ ਤੋਂ ਸੰਗਤਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਲਹਿਰ ਚਲਾਈ ਜਾਏ ।












