ਅਕਾਲੀ ਦਲ ਦੀ ਰੈਲੀ ‘ਚ ਫੜੀ ਗਈ ਬਿਜਲੀ ਦੀ ਕੁੰਡੀ ਹੋਵੇਗੀ FIR- CM ਮਾਨ

ਪੰਜਾਬ

ਪਟਿਆਲਾ, 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿਖੇ ਇੱਕ ਜਨਤਕ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ‘ਤੇ ਤਨਜ਼ ਕੱਸਦਿਆਂ ਇੱਕ ਸਨਸਨੀਖੇਜ਼ ਦਾਅਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਮੁਕਤਸਰ ਵਿਖੇ ਹੋ ਰਹੀ ਅਕਾਲੀ ਦਲ ਦੀ ਰੈਲੀ ਵਿੱਚ ਬਿਜਲੀ ਬੋਰਡ ਦੇ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ, ਜੋ ਕਿ ਰੰਗੇ ਹੱਥੀਂ ਫੜੀ ਗਈ ਹੈ।ਭਗਵੰਤ ਮਾਨ ਨੇ ਕਿਹਾ, “ਸਾਡੀਆਂ ਰੈਲੀਆਂ ਵਿੱਚ ਸਾਊਂਡ ਅਤੇ ਲਾਈਟਾਂ ਜਨਰੇਟਰਾਂ ‘ਤੇ ਚੱਲਦੀਆਂ ਹਨ ਤਾਂ ਜੋ ਬਿਜਲੀ ਬੋਰਡ ਨੂੰ ਘਾਟਾ ਨਾ ਪਵੇ, ਪਰ ਅਕਾਲੀ ਦਲ ਵਾਲੇ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰ ਰਹੇ ਹਨ।”

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਬਿਜਲੀ ਚੋਰੀ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ।ਸੀ.ਐਮ. ਮਾਨ ਨੇ ਪੁਰਾਣੇ ਮੁੱਦਿਆਂ ਨੂੰ ਉਭਾਰਦਿਆਂ ਕਿਹਾ ਕਿ ਪਹਿਲਾਂ ਇਹ ਰੇਤਾ ਚੋਰੀ ਕਰਦੇ ਰਹੇ, ਫਿਰ ਬੱਸਾਂ ਦੇ ਮਾਮਲੇ ਸਾਹਮਣੇ ਆਏ ਅਤੇ ਹੁਣ ਇਹ ਬਿਜਲੀ ਚੋਰੀ ਕਰਦੇ ਫੜੇ ਗਏ ਹਨ।ਉਨ੍ਹਾਂ ਸੁਖਬੀਰ ਬਾਦਲ ਵੱਲੋਂ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਚਲਾਉਣ ਸਬੰਧੀ ਦਿੱਤੇ ਗਏ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਪਾਰਟੀ ਦਾ ਪ੍ਰਧਾਨ ਹੀ ਕਾਨੂੰਨ ਤੋੜਨ ਦੀਆਂ ਗੱਲਾਂ ਕਰੇਗਾ, ਤਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਕਿਵੇਂ ਬਣੀ ਰਹੇਗੀ।

ਮੁੱਖ ਮੰਤਰੀ ਦੇ ਇਸ ਖੁਲਾਸੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਮੁੜ ਭੂਚਾਲ ਆ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਇਸ ਨੂੰ ਅਕਾਲੀ ਦਲ ਦੀ ‘ਲੁੱਟ ਦੀ ਰਾਜਨੀਤੀ’ ਦਾ ਹਿੱਸਾ ਦੱਸ ਰਹੀ ਹੈ, ਉੱਥੇ ਹੀ ਅਕਾਲੀ ਦਲ ਵੱਲੋਂ ਅਜੇ ਇਸ ‘ਤੇ ਅਧਿਕਾਰਤ ਪ੍ਰਤੀਕਿਰਿਆ ਆਉਣੀ ਬਾਕੀ ਹੈ।ਭਗਵੰਤ ਮਾਨ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹਨ ਅਤੇ ਅਜਿਹੀਆਂ ਚੋਰੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।