ਮੋਹਾਲੀ 7 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 10ਵੀਂ ਤੇ ਬਾਰ੍ਹਵੀਂ ਦੀਆਂ ਬੋਰਡ 2025 ਦੀਆਂ ਪ੍ਰੀਖਿਆਵਾਂ ਦੇ ਸੰਚਾਲਨ, ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਤੇ ਮਾਰਕਿੰਗ ਦੇ ਪ੍ਰਬੰਧ ਦੇ ਸੰਬੰਧੀ ਚਰਚਾ ਕੀਤੀ ਗਈ। ਇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਪ੍ਰੀਖਿਆਵਾਂ ਦਾ ਸੰਚਾਲਨ, ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੀ ਮਾਰਕਿੰਗ, ਮਾਰਕਿੰਗ ਸੈਂਟਰਾਂ ਰਾਹੀਂ ਟੇਬਲ ਮਾਰਕਿੰਗ ਦੇ ਪੈਟਰਨ ਨਾਲ਼ ਲੈਕਚਰਾਰਾਂ ਤੇ ਅਧਿਆਪਕਾਂ ਕੋਲੋਂ ਕਰਵਾਈ ਜਾਂਦੀ ਹੈ|ਜਿਸ ਵਿੱਚ ਮਾਰਕਿੰਗ ਸੈਂਟਰ ਤੇ ਬੈਠ ਕੇ ਪੇਪਰਾਂ ਦੀ ਮਾਰਕਿੰਗ ਕਰਨੀ ਲਾਜ਼ਮੀ ਹੈ | ਬੋਰਡ ਵੱਲੋਂ ਇਸ ਕਾਰਜ ਲਈ ਫ਼ੀਲਡ ਵਿਚੋਂ ਅਧਿਆਪਕਾਂ ਤੇ ਲੈਕਚਰਾਰਜ਼ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ|ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਇਹ ਡਿਊਟੀਆਂ ਪ੍ਰੀਖਿਆ ਦੀ ਡੇਟਸ਼ੀਟ ਦੇ ਹਿਸਾਬ ਨਾਲ਼ ਤਕਰੀਬਨ ਅੱਧ ਮਾਰਚ ਤੋਂ ਅਪ੍ਰੈਲ ਅੰਤ ਤੱਕ ਚਲਦੀਆਂ ਹਨ ਜਿਸ ਨਾਲ਼ ਵੱਖ- ਵੱਖ ਵਿਸ਼ਿਆਂ ਦੇ ਅਧਿਆਪਕ ਤੇ ਲੈਕਕਰਾਰ ਸਕੂਲ ਤੋਂ ਬਾਹਰ ਪ੍ਰੀਖਿਆ ਸੰਚਾਲਨ ਕੇਂਦਰਾਂ ਤੇ ਮਾਰਕਿੰਗ ਕੇਂਦਰਾਂ ਤੇ ਡਿਊਟੀ ਕਰਦੇ ਹਨ।
ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸ. ਅਵਤਾਰ ਸਿੰਘ ਪ੍ਰਧਾਨ ਰੋਪੜ ਇਕਾਈ ਨੇ ਦੱਸਿਆ ਕਿ ਬੋਰਡ ਇਸ ਡਿਊਟੀ ਦੇ ਇਵਜ਼ ਵਿੱਚ ਪ੍ਰੀਖਿਆ ਸੰਚਾਲਨ ਕੇਂਦਰਾਂ ਵਿੱਚ ਸੁਪਰਡੈਂਟ ਨੂੰ 90 ਰੁਪਏ ਪ੍ਰਤਿ ਦਿਨ ਮਾਣਭੱਤਾ ਦਿੱਤਾ ਜਾਂਦਾ ਹੈ ਜਦੋਂ ਕਿ ਕੰਟਰੋਲਰ / ਡਿਪਟੀ ਸੁਪਰਡੈਂਟ ਤੇ ਨਿਗਰਾਨ ਅਮਲੇ ਨੂੰ ਕੋਈ ਮਾਣਭੱਤਾ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਹੀ ਓਬਜ਼ਰਬਰ ਜਿਸ ਦੀ ਡਿਊਟੀ ਬਹੁਤੀ ਵਾਰ ਦੂਰ ਦੁਰੇਡੇ ਲਗਾਈ ਜਾਂਦੀ ਹੈ ਨੂੰ ਵੀ ਆਵਾਜਾਈ ਤੇ ਮਾਣਭੱਤਾ ਨਹੀਂ ਦਿੱਤਾ ਜਾਂਦਾ। ਮਾਰਕਿੰਗ ਕੇਂਦਰਾਂ ਵਿੱਚ ਮਾਰਕਿੰਗ ਕਰਨ ਤੇ ਕਰਵਾਉਣ ਵਾਲੇ ਅਮਲੇ ਨੂੰ ਮਾਣਭੱਤਾ ਇਸ ਪ੍ਰਕਾਰ ਦੇਣ ਦਾ ਪ੍ਰਬੰਧ ਹੈ: ਮਾਰਕਿੰਗ ਕੇਂਦਰ ਕੋਆਰਡੀਨੇਟਰ 3300/- ਰੁਪਏ ਉੱਕਾ-ਪੁੱਕਾ, ਉੱਪ-ਕੋਆਰਡੀਨੇਟਰ 2200 ਰੁਪਏ ਉੱਕਾ-ਪੁੱਕਾ, ਪੂਰੇ ਸੈਂਟਰ ਲਈ 1ਕਲਰਕ 1100 ਰੁਪਏ ਉੱਕਾ-ਪੁੱਕਾ, 1 ਸੇਵਾਦਾਰ 550 ਰੁਪਏ ਉੱਕਾ-ਪੁੱਕਾ, 1 ਚੌਂਕੀਦਾਰ 550 ਰੁਪਏ ਉੱਕਾ-ਪੁੱਕਾ, ਮੁੱਖ ਪ੍ਰੀਖਿਅਕ ਤੇ ਉੱਪ-ਪ੍ਰੀਖਿਅਕ 10 ਰੁਪਏ ਪ੍ਰਤੀ ਉੱਤਰ- ਪੱਤਰੀ, ਪੜਤਾਲ ਸਹਾਇਕ 1ਰੁਪਏ ਪ੍ਰਤੀ ਉੱਤਰ ਪੱਤਰੀ ਹੈ| ਇਸ ਦੇ ਨਾਲ਼ 15 ਰੁਪਏ ਪ੍ਰਤੀ ਦਿਨ ਰੀਫਰੈਸ਼ਮੈਂਟ ਦਿੱਤੀ ਜਾਂਦੀ ਹੈ।
ਸੂਬਾ ਸਕੱਤਰ ਜਨਰਲ ਸ. ਰਵਿੰਦਰਪਾਲ ਸਿੰਘ, ਸ. ਅਮਰਜੀਤ ਸਿੰਘ ਵਾਲੀਆ ਤੇ ਸ. ਜਸਪਾਲ ਸਿੰਘ ਵਾਲੀਆ ਨੇ ਜ਼ਿਕਰ ਕੀਤਾ ਕਿ 2021 ਤੋਂ ਪਹਿਲਾਂ ਮਾਰਕਿੰਗ ਦੇ ਮਾਣਭੱਤੇ ਦੀ ਰਾਸ਼ੀ ਮਾਰਕਿੰਗ ਸੈਂਟਰ ਤੇ ਪੇਪਰਾਂ ਦੇ ਨਾਲ਼ ਹੀ ਪਹੁੰਚ ਜਾਂਦੀ ਸੀ ਅਤੇ ਮਾਰਕਿੰਗ ਸੈਂਟਰ ਦੇ ਇੰਚਾਰਜ ਮਾਰਕਿੰਗ ਦੇ ਤੁਰੰਤ ਬਾਅਦ ਮਾਣਭੱਤਾ ਅਦਾ ਕਰ ਦਿੰਦੇ ਸਨ ਪਰ ਉਸ ਤੋਂ ਬਾਅਦ ਇਹ ਪਰੰਪਰਾ ਤੋੜ ਦਿੱਤੀ ਗਈ। ਇਸ ਸਾਲ ਅਜੇ ਤੱਕ ਪਿਛਲੇ ਸਾਲ ਚੈੱਕ ਕੀਤੇ ਗਏ ਪੇਪਰਾਂ ਦੇ ਮਾਣਭੱਤੇ ਦੀ ਅਦਾਇਗੀ ਹੁਣ ਤੱਕ ਨਹੀਂ ਕੀਤੀ ਗਈ।
ਸੂਬਾ ਪ੍ਰੈਸ ਸਕੱਤਰ ਸ. ਰਣਬੀਰ ਸਿੰਘ ਸੋਹਲ ਨੇ ਡਾ ਅਮਰਪਾਲ ਸਿੰਘ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਕਿ ਪ੍ਰੀਖਿਆ ਸੰਚਾਲਨ ਕੇਂਦਰਾਂ ਵਿੱਚ ਸੁਪਰਡੈਂਟ ਮਾਰਚ 2025 ਦੀਆਂ ਪ੍ਰੀਖਿਆਵਾਂ ਮਾਣਭੱਤਾ ਅਦਾ ਕੀਤਾ ਜਾਵੇ ਅਤੇ ਕੇਂਦਰ ਕੰਟਰੋਲਰ / ਆਬਜ਼ਰਬਰ /ਡਿਪਟੀ ਸੁਪਰਡੈਂਟ ਤੇ ਨਿਗਰਾਨ ਅਮਲੇ ਦਾ ਮਾਣਭੱਤਾ ਨਿਰਧਾਰਿਤ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਮਾਰਕਿੰਗ ਪ੍ਰਕਿਰਿਆ ਨਾਲ਼ ਜੁੜੇ ਲੈਕਚਰਾਰਾਂ ਤੇ ਅਧਿਆਪਕਾਂ ਦੇ ਮਿਹਨਤਾਨੇ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ।ਉਹਨਾਂ ਇਹ ਵੀਂ ਮੰਗ ਕੀਤੀ ਕਿ ਬੋਰਡ ਵੱਲੋਂ ਮਿਹਨਤਾਨੇ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ ਸੀ ਬੀ ਐੱਸ ਈ ਦੇ ਮੁਕਾਬਲੇ ਨਿਗੁਣੀ ਹੈ ਇਹ ਵਿੱਚ ਸੀ ਬੀ ਐੱਸ ਈ ਦੀ ਤਰਜ਼ ਤੇ ਵਾਧਾ ਕੀਤਾ ਜਾਵੇ |ਇਸ ਮੌਕੇ ਤੇ ਮੁਹਾਲੀ ਦੇ ਮੁਲਾਂਕਣ ਕੇਂਦਰ ਦੇ ਅਧਿਆਪਕ ਤੇ ਲੈਕਚਰਾਰ ਹਾਜਰ ਸਨ












