ਜਲੰਧਰ, 7 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਜਲੰਧਰ ਵਿੱਚ ਇੱਕ 7 ਸਾਲਾ ਬੱਚੀ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ, ਜਿਸ ਨੂੰ ਇੱਕ ਲਾਪਰਵਾਹ ਕਾਰ ਚਾਲਕ ਨੇ ਕੁਚਲ ਦਿੱਤਾ। ਗੰਭੀਰ ਸੱਟਾਂ ਕਾਰਨ ਬੱਚੀ ਮੌਕੇ ‘ਤੇ ਹੀ ਦਮ ਤੋੜ ਗਈ। ਡਰਾਈਵਰ ਦੀ ਘੋਰ ਲਾਪਰਵਾਹੀ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਜਲੰਧਰ ਦੇ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ਵਿੱਚ ਵਾਪਰੀ। ਕਾਰ ਚਾਲਕ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ; ਉਹ ਉੱਥੇ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਇਲਾਕੇ ਵਿੱਚ ਆਇਆ ਸੀ। ਚਸ਼ਮਦੀਦਾਂ ਦੇ ਅਨੁਸਾਰ, ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਆਪਣੀ ਕਾਰ ਨੂੰ ਗਲੀ ਵਿੱਚ ਮੋੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮ੍ਰਿਤਕ ਬੱਚੀ ਦੀ ਪਛਾਣ 7 ਸਾਲਾ ਰਾਧਿਕਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਧਿਕਾ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ ਅਚਾਨਕ ਇਹ ਦੁਖਾਂਤ ਵਾਪਰ ਗਿਆ।ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।












