22 ਅਪ੍ਰੈਲ ਨੂੰ ਪਟਿਆਲਾ ਵਿਖੇ ਕੀਤੀ ਜਾਵੇਗੀ ਜਿਲ੍ਹਾ ਕਨਵੈਸ਼ਨ ਅਤੇ ਰੋਸ ਮਾਰਚ
ਪਟਿਆਲਾ, 7 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ) ;
ਮੁਲਾਜ਼ਮਾਂ ਦੀਆਂ ਪ੍ਰਮੁੱਖ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ੀਲ ਜੱਥੇਬੰਦੀਆਂ ਤੇ ਅਧਾਰਿਤ ‘ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ’ ਦੀ ਮੋਗਾ ਸੂਬਾ ਕਮੇਟੀ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਮੋਰਚੇ ਦੇ ਪਟਿਆਲ਼ਾ ਯੂਨਿਟ ਦੀ ਅਹਿਮ ਮੀਟਿੰਗ ਮਿੰਨੀ ਸਕੱਤਰੇਤ ਦੇ ਪਾਰਕ ਵਿੱਚ ਕੀਤੀ ਗਈ।
ਇਸ ਮੌਕੇ ਮੋਰਚੇ ਦੇ ਆਗੂਆਂ ਵਿਕਰਮਦੇਵ ਸਿੰਘ, ਅਤਿੰਦਰਪਾਲ ਘੱਗਾ ਅਤੇ ਹਰਦੀਪ ਟੋਡਰਪੁਰ ਨੇ ਕਿਹਾ ਨਵੇਂ ਕੇਂਦਰੀ ਸਕੇਲਾਂ ਅਧਾਰਿਤ 17-7-2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ + 15% ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣ, 1-1-2004 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ (NPS) ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ (OPS) ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀ.ਪੀ. ਦਾ ਲਾਭ ਅਤੇ ਪੈਂਡਿੰਗ 16% ਮਹਿੰਗਾਈ ਭੱਤਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣ ਲਈ ਮੋਗਾ ਵਿਖ਼ੇ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਸੀ। ਇਸੇ ਕੜੀ ਤਹਿਤ ਮੋਰਚੇ ਦੀ ਪਟਿਆਲਾ ਜਿਲ੍ਹੇ ਦੀ ਮੀਟਿੰਗ ਕੀਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ 22 ਅਪ੍ਰੈਲ ਨੂੰ ਤਰਕਸ਼ੀਲ ਹਾਲ ਪਟਿਆਲਾ ਵਿਖੇ ਜਿਲ੍ਹਾ ਪੱਧਰੀ ਕਨਵੈਸ਼ਨ ਕੀਤੀ ਜਾਵੇਗੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ‘ਚਿਤਾਵਨੀ ਪੱਤਰ’ ਦਿੱਤਾ ਜਾਵੇਗਾ।
ਜਿਲ੍ਹਾ ਆਗੂਆਂ ਸਤਪਾਲ ਸਮਾਣਵੀ ਅਤੇ ਦਾਨਿਸ਼ ਭੱਟੀ ਨੇ ਦੱਸਿਆ ਕਿ ਮੀਟਿੰਗ ਵਿੱਚ 17 ਮਈ ਨੂੰ ਮੋਹਾਲੀ ਵਿਖੇ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਉਲੀਕੇ ਰੋਸ ਮਾਰਚ ਲਈ ਮੁੱਢਲੀ ਚਰਚਾ ਕੀਤੀ ਗਈ, ਜਿਸ ਸਬੰਧੀ ਕਨਵੈਨਸ਼ਨ ਉਪਰੰਤ ਜਿਲ੍ਹੇ ਵਿੱਚ ਵੱਡੀ ਤਿਆਰੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਲਈ 22 ਅਪ੍ਰੈਲ ਨੂੰ ਕਨਵੈਨਸ਼ਨ ਅਤੇ ਰੋਸ ਮਾਰਚ ਦੀ ਤਿਆਰੀ ਲਈ ਇਸ ਹਫਤੇ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਕੌਰ, ਗੁਰਧਿਆਨ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ, ਰਾਮਸ਼ਰਨ ਅਲੌਹਰਾਂ, ਹਰਵਿੰਦਰ ਬੇਲੂਮਾਜਰਾ, ਕ੍ਰਿਸ਼ਨ ਚੁਹਾਣਕੇ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਪਵਨ ਕੁਮਾਰ, ਰਵਿੰਦਰ ਰਾਜਨ, ਨਰਿੰਦਰ ਸਿੰਘ ਅਤੇ ਦਿਲਬਾਗ ਸਿੰਘ ਹਾਜ਼ਰ ਰਹੇ।











