ਨਵੀਂ ਦਿੱਲੀ 7 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨੋਲੋਜੀ ਰਾਜੌਰੀ ਗਾਰਡਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਇੰਸਟੀਟਿਊਟ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੀਰਤਨ ਅਤੇ ਕਥਾ ਦਾ ਪ੍ਰਵਾਹ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਦਾ ਗਾਇਨ ਕਰਣ ਦੇ ਨਾਲ ਬੜੀ ਭਾਵਨਾ ਨਾਲ ਹਿੱਸਾ ਲਿਆ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਮਹਾਨ ਸ਼ਹਾਦਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤੇ ਇੰਸਟੀਟਿਊਟ ਦੀ ਚੇਅਰਪਰਸਨ ਬੀਬੀ ਰਣਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਸਾਹਿਬ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। ਕਰਤਾਰਪੁਰ ਦੀ ਜੰਗ ਵਿੱਚ ਬਹਾਦਰੀ ਦਿਖਾਉਣ ‘ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ‘ਤੇਗ ਬਹਾਦਰ’ (ਤਲਵਾਰ ਦੇ ਧਨੀ) ਰੱਖਿਆ। ਉਨ੍ਹਾਂ ਕਿਹਾ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੂਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰ ਰਿਹਾ ਸੀ, ਤਾਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਆਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੱਜ ਸੰਸਾਰ ਭਰ ਵਿੱਚ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਫਰਿਆਦ ਸੁਣਨ ਉਪਰੰਤ ਗੁਰੂ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਦਿੱਲੀ ਵੱਲ ਚਾਲੇ ਪਾਏ। ਇਸਲਾਮ ਕਬੂਲ ਨਾ ਕਰਨ ‘ਤੇ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਦਿੱਲੀ ਵਿੱਚ ਜਿੱਥੇ ਆਪ ਜੀ ਦੀ ਸ਼ਹਾਦਤ ਹੋਈ, ਉੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਜਿੱਥੇ ਉਨ੍ਹਾਂ ਦੇ ਸਰੀਰ ਦਾ ਸੰਸਕਾਰ ਹੋਇਆ, ਉੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਲਈ ਇਕ ਵੱਡੀ ਪ੍ਰੇਰਣਾ ਹੈ ਅਤੇ ਸਾਨੂੰ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਜ਼ਰੂਰ ਸੁਣਨਾ ਅਤੇ ਪੜ੍ਹਨਾ ਚਾਹੀਦਾ ਹੈ। ਉਸ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਕਈ ਮਾਣਯੋਗ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਸਭ ਨੂੰ ਧਾਰਮਿਕ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।












