ਪੰਜਾਬੀ ਫਿਲਮਾਂ ਦੇ ਡਾਇਰੈਕਟਰ ਜਰਨੈਲ ਸਿੰਘ ਵੱਲੋਂ “ਸਿਆਣੇ ਕਹਿੰਦੇ ਹਨ” ਨਾਮਕ ਪ੍ਰੋਗਰਾਮ ਕੀਤਾ ਗਿਆ ਪੇਸ਼
ਨਵੀਂ ਦਿੱਲੀ 11 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਗੁਰੁ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ ਵਿਦਿਆਰਥੀਆਂ ਲਈ ਦੋ ਦਿਨਾਂ ਦਾ ਰੰਗਾਰੰਗ ਸਟੂਡੈਂਟ ਫੈਸਟ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਫੈਸਟ ਦੌਰਾਨ ਸੱਭਿਆਚਾਰਕ, ਮਨੋਰੰਜਕ ਅਤੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ। ਫੈਸਟ ਦੇ ਪਹਿਲੇ ਦਿਨ ਪ੍ਰਸਿੱਧ ਫਿਲਮ ਐਕਟਰ ਰਿਆਤ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਸ ਤੋਂ ਬਾਦ ਮੋਟੀਵੇਸ਼ਨਲ ਸਪੀਕਰ, ਐਕਟਰ ਅਤੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਜਰਨੈਲ ਸਿੰਘ ਵੱਲੋਂ “ਸਿਆਣੇ ਕਹਿੰਦੇ ਹਨ” ਨਾਮਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ। ਉਨ੍ਹਾਂ ਦੀਆਂ ਗੱਲਾਂ ਨੇ ਨੌਜਵਾਨਾਂ ਨੂੰ ਜੀਵਨ ਦੇ ਮੂਲ ਮੰਤਰ ਸਮਝਾਏ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਗੀਤ-ਸੰਗੀਤ ਅਤੇ ਨਾਟਕਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ। ਅਗਲੇ ਦਿਨ ਪ੍ਰਸਿੱਧ ਪੰਜਾਬੀ ਗਾਇਕ ਪ੍ਰੇਮ ਟਿੱਲੋ ਨੇ ਆਪਣੀ ਰੰਗੀਨ ਪ੍ਰਸਤੁਤੀ ਨਾਲ ਸਮਾਂ ਬੰਨ੍ਹ ਦਿੱਤਾ ਅਤੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਮਾਗਮ ਦੌਰਾਨ ਕਾਲਜ ਦੀ ਚੇਅਰਪਰਸਨ ਬੀਬੀ ਰਣਜੀਤ ਕੌਰ, ਵਾਈਸ ਚੇਅਰਮੈਨ ਸਰਦਾਰ ਅਮਰਜੀਤ ਸਿੰਘ ਪੱਪੂ ਅਤੇ ਡਾਇਰੈਕਟਰ ਰਮਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਦਾ ਸਰਵਾਂਗੀਣ ਵਿਕਾਸ ਹੁੰਦਾ ਹੈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਨਾਲ ਨਾਲ ਕਈ ਸ਼ਖਸ਼ੀਅਤਾਂ ਨੇ ਹਾਜ਼ਰੀ ਲਗਵਾਈ ਅਤੇ ਸਮਾਗਮ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਅਤੇ ਹੋਰ ਕਈ ਮੈਂਬਰਾਂ ਨੇ ਵੀ ਹਾਜਰੀ ਭਰਕੇ ਬੱਚਿਆਂ ਦਾ ਉਤਸ਼ਾਹ ਵਧਾਇਆ ਸੀ । ਕਾਲਜ ਪ੍ਰਬੰਧਕਾਂ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।












