ਮੋਹਾਲੀ 11 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਪੁਆਧੀ ਮੰਚ ਮੋਹਾਲੀ ਵੱਲੋਂ ਅੱਜ ‘ਪੰਜਾਬ ਦੀ ਖੁਰ ਰਹੀ ਜਮੀਨ ਅਤੇ ਮਲੀਨ ਹੁੰਦਾ ਪਾਣੀ’ ਵਿਸ਼ੇ ਉੱਤੇ ਇੱਕ ਵਿਸ਼ੇਸ਼ ਸੈਮੀਨਾਰ ਪਿੰਡ ਚਾਉ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਬਣਾਏ ਗਏ ਵਿਸ਼ੇਸ਼ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ, ਸਾਬਕਾ ਆਈਏਐਸ ਅਫਸਰ ਕਾਹਨ ਸਿੰਘ ਪੰਨੂ ਅਤੇ ਪੁਆਧੀ ਮੰਚ ਦੇ ਲਾਣੇਦਾਰ ਡਾ. ਗੁਰਮੀਤ ਸਿੰਘ ਬੈਦਵਾਣ ਮੁੱਖ ਬੁਲਾਰਿਆਂ ਵਜੋਂ ਪੇਸ਼ ਹੋਏ।
ਇਸ ਮੌਕੇ ਬੋਲਦਿਆਂ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦਾ ਪਲੀਤ ਹੋ ਰਿਹਾ ਅਤੇ ਮੁੱਕ ਰਿਹਾ ਪਾਣੀ ਕਿਸੇ ਵੀ ਰਾਜਨੀਤਿਕ ਧਿਰ ਦਾ ਵਿਸ਼ਾ ਨਹੀਂ ਹੈ। ਜਿਸ ਕਰਕੇ ਪਿਛਲੇ 30-40 ਸਾਲਾ ਵਿੱਚ ਪੰਜਾਬ ਦਾ ਪਾਣੀ ਡੂੰਘਾ ਚਲਿਆ ਗਿਆ ਹੈ ਅਤੇ ਪੰਜਾਬ ਦੇ ਪਾਣੀ ਵਿੱਚ ਬਿਮਾਰੀਆਂ ਨੂੰ ਫੈਲਾਉਣ ਵਾਲੇ ਬਹੁਤ ਵੱਡੀ ਪੱਧਰ ਤੇ ਬੈਕਟੀਰੀਆ ਪੈਦਾ ਹੋ ਗਏ ਹਨ। ਪਿਛਲੇ 30-40 ਸਾਲਾਂ ਦੌਰਾਨ ਛੱਪੜਾਂ ਦਾ ਪਾਣੀ ਪਹਿਲਾਂ ਸਾਫ ਹੁੰਦਾ ਸੀ ਉਹ ਬਹੁਤ ਗੰਦਾ ਹੋ ਚੁੱਕਾ ਹੈ। ਪਰ ਕਿਉਂਕਿ ਇਹ ਵਿਸ਼ਾ ਨਾ ਤਾਂ ਲੋਕਾਂ ਦਾ ਹੈ ਤੇ ਨਾ ਹੀ ਰਾਜਨੀਤਿਕ ਲੋਕਾਂ ਦਾ ਹੈ ਇਸ ਕਰਕੇ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਉਹਨਾਂ ਕਿਹਾ ਕਿ ਜੇਕਰ ਰਾਜਨੀਤਿਕ ਧਿਰਾਂ ਚਾਹੁਣ ਅਤੇ ਜੇਕਰ ਇਹ ਲੋਕ ਮੁੱਦਾ ਬਣੇ ਤਾਂ ਪੰਜਾਬ ਦੇ ਸਮੁੱਚੇ ਛੱਪੜਾਂ ਨੂੰ 4 ਹਜਾਰ ਕਰੋੜ ਰੁਪਈਆ ਖਰਚ ਕੇ ਦੁਬਾਰਾ ਤੋਂ ਸਵੱਛ ਪਾਣੀ ਨਾਲ ਭਰਪੂਰ ਬਣਾਇਆ ਜਾ ਸਕਦਾ ਹੈ। ਉਹਨਾਂ ਨਗਰ ਨਿਗਮਾਂ, ਨਗਰ ਕੌਂਸਲਾਂ ਵਿੱਚ ਚਲਾਏ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟਾਂ ਉੱਤੇ ਵੀ ਚਰਚਾ ਕੀਤੀ ਕਿਹਾ ਕਿ ਇਹਨਾਂ ਦਾ ਰੱਖ ਰਖਾਵ ਸਹੀ ਢੰਗ ਨਾਲ ਨਾ ਹੋਣ ਕਾਰਨ ਇਹ ਵੀ ਰੋਜ਼ਾਨਾ ਵੱਡੀ ਮਾਤਰਾ ਵਿੱਚ ਪ੍ਰਦੂਸ਼ਣ ਪਾਣੀ ਵਹਾਉਣ ਵਿੱਚ ਲੱਗੇ ਹੋਏ ਹਨ। ਇਸ ਮੌਕੇ ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਜਮੀਨਾਂ ਨੂੰ ਐਕਵਾਇਰ ਕਰਨ ਸਮੇਂ ਦਿੱਤੇ ਜਾਣ ਵਾਲੇ ਪੈਸੇ ਦੇ ਨਾਲ ਕਾਨੂੰਨ ਵਿੱਚ ਸੋਧ ਕਰਕੇ ਅਜਿਹੀ ਰਾਖਵੀਂ ਰਾਸ਼ੀ ਰੱਖੀ ਜਾਵੇ ਜਿਸ ਨਾਲ ਜਮੀਨਾਂ ਦੇ ਉਜਾੜੇ ਤੋਂ ਪ੍ਰਭਾਵਿਤ ਕਿਸਾਨ, ਮਜ਼ਦੂਰ ਅਤੇ ਹੋਰ ਵਰਗ ਉਸ ਰਾਸੀ ਵਿੱਚੋਂ ਆਪਣਾ ਗੁਜ਼ਾਰਾ ਚਲਾ ਸਕਣ ਅਤੇ ਉਨਾਂ ਨੂੰ ਉਮਰ ਭਰ ਲਈ ਉਸ ਚੋਂ ਬਝਵੀ ਪੈਨਸ਼ਨ ਮਿਲ ਸਕੇ।
ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਲਵੀਰ ਸਿੰਘ ਰਾਜੇਵਾਲ ਨੇ ਵੀ ਲੋਕ ਮੁੱਦਿਆਂ ਨੂੰ ਛੋਹਿਆ ਉਹਨਾਂ ਕਿਹਾ ਕਿ ਜਲਦੀ ਹੀ ਪੰਜਾਬ ਦੇ ਖਤਮ ਹੋ ਰਹੇ ਪਾਣੀ ਅਤੇ ਪੰਜਾਬ ਦੇ ਪਲੀਤ ਹੋ ਰਹੇ ਪਾਣੀ ਨੂੰ ਲੈ ਕੇ ਉਹ ਮੋਰਚਾ ਆਰੰਭ ਕਰਨ ਜਾ ਰਹੇ ਹਨ ਜਿਸ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਨ ਦਾ ਅਮਲ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਜਿਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਪਾਣੀ ਅੱਜ ਕੈਂਸਰ ਅਤੇ ਹੋਰ ਬਿਮਾਰੀਆਂ ਪੈਦਾ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਰਨ ਸਾਡੀ ਸੱਭਿਅਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਲਦੀ ਹੀ ਇਸ ਸਬੰਧੀ ਬਹੁਤ ਵੱਡਾ ਮੋਰਚਾ ਸਾਰਿਆਂ ਦੇ ਸਹਿਯੋਗ ਨਾਲ ਲਾਇਆ ਜਾਵੇਗਾ ਤਾਂ ਕਿ ਪੰਜਾਬ ਦਾ ਨਹਿਰੀ ਪਾਣੀ ਹਰ ਪੀਣ ਵਾਲੇ ਲਈ ਹਰ ਘਰ ਤੱਕ ਅਤੇ ਹਰ ਖੇਤ ਤੱਕ ਪਹੁੰਚੇ। ਉਹਨਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਸਮੁੱਚੀਆਂ ਰਾਜਨੀਤਿਕ ਧਿਰਾਂ ਅਤੇ ਹੁਣ ਤੱਕ ਦੀਆਂ ਸਰਕਾਰਾਂ ਦੀ ਵੀ ਭਰਵੀਂ ਆਲੋਚਨਾ ਕੀਤੀ। ਉਨਾਂ ਨੇ ਲੋਕਾਂ ਤੋਂ ਉਮੀਦ ਕੀਤੀ ਕਿ ਉਹ ਪਾਣੀਆਂ ਦੇ ਮਾਮਲੇ ਤੇ ਲਾਏ ਜਾਣ ਵਾਲੇ ਮੋਰਚੇ ਵਿੱਚ ਉਹਨਾਂ ਦਾ ਸਾਥ ਦੇਣਗੇ।
ਇਸ ਤੋਂ ਪਹਿਲਾਂ ਡਾਕਟਰ ਗੁਰਮੀਤ ਸਿੰਘ ਬੈਦਵਾਣ ਨੇ ਮਲੀਨ ਹੁੰਦੇ ਜਾ ਰਹੇ ਪਾਣੀ ਅਤੇ ਖੁਰ ਰਹੀ ਧਰਤੀ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਸਾਡੀ ਅਣਗਹਿਲੀ ਕਾਰਨ ਡੂੰਘਾ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਬਿਨਾਂ ਸੋਚੇ ਸਮਝੇ ਚਾਵਲ ਪੈਦਾ ਕਰਨ ਦੇ ਨਾਂ ਤੇ ਵੱਡੀ ਮਾਤਰਾ ਵਿੱਚ ਸਵੱਛ ਪਾਣੀ ਧਰਤੀ ਹੇਠੋਂ ਕੱਢ ਕੇ ਬਰਬਾਦ ਕਰ ਰਹੇ ਹਾਂ। ਉਹਨਾਂ ਕਿਹਾ ਕਿ ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਪੁਆਧ ਦੇ ਇਲਾਕੇ ਉੱਤੇ ਹਰ ਇੱਕ ਦੀ ਅੱਖ ਹੈ ਤਾਂ ਜੋ ਇਸ ਜਮੀਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਕੋਲੋਂ ਖੋਹਿਆ ਜਾ ਸਕੇ। ਉਹਨਾਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਅੱਗੇ ਆ ਕੇ ਇਸ ਖੁਰਦੀ ਜਾ ਰਹੀ ਧਰਤੀ ਅਤੇ ਮਲੀਨ ਹੁੰਦੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਯਤਨ ਕਰਨ। ਇਸ ਮੌਕੇ ਰਾਜੂ ਨਾਹਰ ਨੇ ਧਾਰਮਿਕ ਗੀਤ ਪੇਸ਼ ਕੀਤੇ ਜਦੋਂ ਕਿ ਮੋਹਣੀ ਤੂਰ ਨੇ ਪੁਆਧ ਇਲਾਕੇ ਨਾਲ ਸੰਬੰਧਿਤ ਆਪਣੇ ਦੋ ਗੀਤ ਪੇਸ਼ ਕੀਤੇ। ਜਿਨ੍ਹਾਂ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ।
ਪਿੰਡ ਚ ਚਾਓ ਮਾਜਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਅਤੇ ਸਰਪੰਚ ਰਣਧੀਰ ਸਿੰਘ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਪੁਆਧੀ ਮੰਚ ਦੇ ਅਹੁਦੇਦਾਰਾਂ ਨਾਲ ਮਿਲ ਕੇ ਬਲਵੀਰ ਸਿੰਘ ਰਾਜੇਵਾਲ ਅਤੇ ਕਾਹਨ ਸਿੰਘ ਪੰਨੂ ਦਾ ਸਨਮਾਨ ਕੀਤਾ ਗਿਆ। ਪੁਆਧੀ ਮੰਚ ਵੱਲੋਂ ਪ੍ਰਧਾਨ ਤੇਜਿੰਦਰ ਸਿੰਘ ਅਤੇ ਸਰਪੰਚ ਰਣਧੀਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਆਧੀ ਮੰਚ ਦੇ ਲਾਣੇਦਾਰ ਪਰਮਦੀਪ ਸਿੰਘ ਬੈਦਵਾਣ, ਡਾ. ਕਰਮਜੀਤ ਸਿੰਘ ਚਿੱਲਾ, ਮੋਹਣੀ ਤੂਰ, ਗੁਰਪ੍ਰੀਤ ਸਿੰਘ ਨਿਆਮੀਆਂ, ਪਰਮਜੀਤ ਕੌਰ ਲਾਂਡਰਾਂ, ਹਰਦੀਪ ਸਿੰਘ ਬਠਲਾਣਾ ਅਤੇ ਗੁਰਮੀਤ ਸਿੰਘ ਬੈਦਵਾਣ, ਸਾਬਕਾ ਸਰਪੰਚ ਯਾਦਵਿੰਦਰ ਸਿੰਘ, ਦਿਲਬਾਗ ਸਿੰਘ, ਰਘਬੀਰ ਸਿੰਘ, ਹਰਪਾਲ ਸਿੰਘ ਸਰਪੰਚ ਬਠਲਾਣਾ, ਮਲਕੀਤ ਸਿੰਘ ਸਰਪੰਚ ਦੁਰਾਲੀ, ਗੁਰਮੀਤ ਸਿੰਘ ਪੰਚ ਦੁਰਾਲੀ, ਕਰਮਾ ਪੂਰੀ ਸਰਪੰਚ ਗੋਬਿੰਦਗੜ੍ਹ, ਡਾਕਟਰ ਬਲਵਿੰਦਰ ਸਿੰਘ ਗੋਬਿੰਦਗੜ੍ਹ, ਬਲਬੀਰ ਸਿੰਘ ਦੁਰਾਲੀ, ਵਜੀਰ ਸਿੰਘ ਸਾਬਕਾ ਸਰਪੰਚ ਬਠਲਾਣਾ ਕਰਮਜੀਤ ਸਿੰਘ ਸਾਬਕਾ ਸਰਪੰਚ ਬਠਲਾਣਾ ਕਿਸਾਨ ਆਗੂ ਕੁਲਵੰਤ ਸਿੰਘ ਚਿੱਲਾ ਠੇਕੇਦਾਰ ਮੋਹਣ ਸਿੰਘ ਬਠਲਾਣਾ, ਗੁਰਪ੍ਰੀਤ ਸਿੰਘ ਸੋਨਾ ਸਾਬਕਾ ਸਰਪੰਚ ਦਰਾਲੀ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਮਰਜੀਤ ਸਿੰਘ ਸੁਖਗੜ ਹਮਰਾ ਸਿੰਘ ਭਰਤਪੁਰ, ਸ਼ੇਰ ਸਿੰਘ ਦੇੜੀ, ਜਸਵੀਰ ਸਿੰਘ ਕੁਰੜਾ, ਗੁਰਪ੍ਰੀਤ ਸਿੰਘ ਕੁਰੜੀ, ਨਰਿੰਦਰ ਕੁਮਾਰ ਮਨੌਲੀ, ਕਿਰਪਾਲ ਸਿੰਘ ਸਿਆਊ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪੰਚ ਸਰਪੰਚ ਹਾਜ਼ਰ ਸਨ।












