ਸੀਆਈਏ ਸਟਾਫ ਵੱਲੋਂ ਫਰੀਦਕੋਟ ਮਾਡਰਨ ਜੇਲ੍ਹ ਦਾ ਵਾਰਡਨ ਗ੍ਰਿਫਤਾਰ
ਫਰੀਦਕੋਟ, 27 ਜੂਨ, ਬੋਲੇ ਪੰਜਾਬ ਬਿਊਰੋ :
ਸਥਾਨਕ ਮਾਡਰਨ ਜੇਲ੍ਹ ਦੇ ਇੱਕ ਜੇਲ੍ਹ ਵਾਰਡਨ ਦਾ ਪਰਦਾਫਾਸ਼ ਹੋਇਆ ਹੈ ਜੋ ਜੇਲ੍ਹ ਦੀਆਂ ਕੰਧਾਂ ਦੇ ਬਾਹਰੋਂ ਲਿਆ ਕੇ ਕੈਦੀਆਂ ਨੂੰ ਮੋਟੇ ਭਾਅ ’ਤੇ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਵੇਚਦਾ ਸੀ।
ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਕੋਟਕਪੂਰਾ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਮਾਮਲੇ ‘ਚ ਸੌਦਾਗਰ ਸਿੰਘ ਉਰਫ ਮਨੀ ਫੌਜੀ ਅਤੇ ਗੌਰਵ ਉਰਫ ਗੋਰਾ ਨੂੰ ਪੁਲਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜੇਲ ਵਾਰਡਨ ਜਸਵੀਰ ਸਿੰਘ ਪਿੰਡ ਮਚਾਕੀ ਮੱਲ ਸਿੰਘ (ਫਰੀਦਕੋਟ) ਜੇਲ਼੍ਹ ‘ਚ ਬਾਹਰੋ ਚੀਜ਼ਾਂ ਸੁਟਵਾ ਕੇ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਟੀਆਂ ਰਕਮਾਂ ਵਸੂਲਦਾ ਸੀ।ਉਹ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਅਤੇ ਨਸ਼ੇ ਸੁਟਵਾ ਕੇ ਵੇਚਦਾ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।












