ਪੰਜਾਬ ‘ਚ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤ ‘ਚੋਂ ਮਿਲੀ ਲਾਸ਼
ਜਲੰਧਰ, 19 ਅਗਸਤ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਦਿਹਾਤੀ ਪੁਲਿਸ ਦੇ ਪਤਾਰਾ ਥਾਣੇ ਅਧੀਨ ਪੈਂਦੇ ਪਿੰਡ ਪੂਰਨਪੁਰ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਗੰਨੇ ਦੇ ਖੇਤਾਂ ‘ਚੋਂ ਖੂਨ ਨਾਲ ਲੱਥਪੱਥ ਹਾਲਤ ‘ਚ ਬਰਾਮਦ ਹੋਈ ਹੈ। ਉਪਰੋਕਤ ਸੂਚਨਾ ਮਿਲਦੇ ਹੀ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਐਸ.ਐਚ.ਓ ਪਤਾਰਾ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਦੀਪੂ ਮਹਤੋ ਪੁੱਤਰ ਹੀਰਾ ਮਹਤੋ ਵਾਸੀ ਕਾਹਾਗੜ੍ਹ ਸਰਾਏ ਖਾਸ, ਉੱਤਰੀ ਚੰਪਾਰਣ, ਬਿਹਾਰ ਹਾਲ ਵਾਸੀ ਪਿੰਡ ਪੂਰਨਪੁਰ ਵਜੋਂ ਹੋਈ ਹੈ। ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀਪੂ ਕਿਸਾਨ ਧਨਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪੂਰਨਪੁਰ ਦੀ ਮੋਟਰ ‘ਤੇ ਰਹਿੰਦਾ ਸੀ। ਦੀਪੂ ਦੇ ਕਤਲ ਦੇ ਮਾਮਲੇ ‘ਚ ਡੂੰਘਾਈ ਨਾਲ ਜਾਂਚ ਕਰ ਰਹੀ ਪੁਲਸ ਨੇ 4 ਸ਼ੱਕੀਆਂ ਨੂੰ ਪੁੱਛਗਿੱਛ ਲਈ ਰਾਊਂਡਅੱਪ ਕਰ ਲਿਆ ਹੈ। ਉਨ੍ਹਾਂ ਤੋਂ ਡੀ.ਐਸ.ਐਸ. ਆਦਮਪੁਰ ਅਤੇ ਥਾਣਾ ਮੁਖੀ ਪਤਾਰਾ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।












