ਮਾਨਸਾ, 28 ਦਸੰਬਰ ,ਬੋਲੇ ਪੰਜਾਬ ਬਿਊਰੋ :
ਸੀਪੀਆਈ (ਐਮਐਲ) ਲਿਬਰੇਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਪ੍ਰੋਟੋਕੋਲ ਅਨੁਸਾਰ ਜਮੁਨਾ ਦੇ ਕਿਨਾਰੇ ਨਾ ਕੀਤੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪ੍ਰੋਟੋਕੋਲ ਰਿਹਾ ਹੈ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ , ਉਪ ਪ੍ਰਧਾਨ ਮੰਤਰੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸਸਕਾਰ ਜਮੁਨਾ ਦੇ ਕਿਨਾਰੇ ਰਾਜ ਘਾਟ ਵਿਖੇ ਕੀਤਾ ਜਾਂਦਾ ਰਿਹਾ ਹੈ ਅਤੇ ਉੱਥੇ ਹੀ ਉਹਨਾਂ ਦੇ ਸਮਾਰਕ ਬਣਾਏ ਜਾਂਦੇ ਰਹੇ ਹਨ । ਪਰ ਮੋਦੀ ਸਰਕਾਰ ਵੱਲੋਂ ਕਾਂਗਰਸ ਪ੍ਰਧਾਨ ਖੜਗੇ ਵਲੋਂ ਸਰਕਾਰ ਨੂੰ ਲਿਖੀ ਚਿੱਠੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਟੈਲੀਫੋਨ ‘ਤੇ ਕੀਤੀ ਅਪੀਲ ਦੇ ਬਾਵਜੂਦ ਕਿ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਲਈ ਜਮਨਾ ਕਿਨਾਰੇ ਜਗਾ ਦਿੱਤੀ ਜਾਵੇ। ਇਹ ਅਪੀਲ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਵੱਲੋਂ ਵੀ ਕੀਤੀ ਗਈ ਹੈ। ਪਰ ਫਿਰ ਵੀ ਮੋਦੀ ਸਰਕਾਰ ਵਲੋਂ ਮਨਮੋਹਨ ਸਿੰਘ ਦਾ ਅੰਤਮ ਸੰਸਕਾਰ ਦਿੱਲੀ ਦੇ ਨਿਗਮ ਬੋਧ ਸ਼ਮਸ਼ਾਨ ਘਾਟ ਵਿੱਚ ਕਰਨ ਦਾ ਐਲਾਨ ਕੀਤਾ ਹੈ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਜਿਵੇਂ ਦੇਸ਼ ਦੀਆਂ ਤਮਾਮ ਸੰਵਿਧਾਨਿਕ ਸੰਸਥਾਵਾਂ ਦੀ ਆਪਣੇ ਸਿਆਸੀ ਸੁਆਰਥਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਉਹ ਜਮੁਨਾ ਕਿਨਾਰੇ ਰਾਜ ਘਾਟ ਦੀ ਵੀ ਮਨਮਾਨੇ ਢੰਗ ਨਾਲ ਵਰਤੋਂ ਕਰ ਰਹੀ ਹੈ। ਦਰਅਸਲ ਇਹ ਮੋਦੀ ਸਰਕਾਰ ਦੇ ਫਾਸੀ ਵਰਤਾਰੇ ਦਾ ਹੀ ਹਿੱਸਾ ਹੈ ਜਿਸ ਦਾ ਭਾਰਤ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਦੇਸ਼ ਦੇ ਬੁੱਧੀਜੀਵੀਆਂ ਨੂੰ ਖੁੱਲ ਕੇ ਵਿਰੋਧ ਕਰਨਾ ਚਾਹੀਦਾ ਹੈ।
ਬਿਆਨ ਵਿਚ ਕਿਹਾ ਗਿਆ ਕਿ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਵਜੋਂ ਭਾਰਤ ਦੇ ਸਮੁੱਚੇ ਲੋਕਾਂ ਦੇ ਨੁਮਾਇੰਦੇ ਸਨ, ਪਰ ਕਿਉਂ ਕਿ ਉਹ ਧਾਰਮਿਕ ਪਛਾਣ ਪੱਖੋਂ ਇੱਕ ਸਿੱਖ ਸਨ, ਇਸ ਲਈ ਇਹ ਵਿਤਕਰੇ ਬਾਜ਼ੀ ਸੰਸਾਰ ਭਰ ਦੇ ਸਿੱਖਾਂ ਨੂੰ ਲਾਜ਼ਮੀ ਬੁਰੀ ਤਰ੍ਹਾਂ ਚੁੱਭੇਗੀ। ਉਹ ਮਹਿਸੂਸ ਕਰਨਗੇ ਕਿ ਸ਼ਾਇਦ ਡਾਕਟਰ ਮਨਮੋਹਨ ਸਿੰਘ ਨਾਲ ਅਜਿਹਾ ਵੱਖਰਾ ਵਿਵਹਾਰ ਇੱਕ ਸਿੱਖ ਹੋਣ ਦੇ ਕਾਰਨ ਹੀ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਤੇ ਬੀਜੇਪੀ ਇਕ ਸਿਆਸੀ ਵਿਰੋਧੀ ਵਜੋਂ ਕਾਂਗਰਸ ਨਾਲ ਸਿਆਸੀ ਲੜਾਈ ਲੜੇ, ਪਰ ਡਾਕਟਰ ਮਨਮੋਹਨ ਸਿੰਘ ਨਾਲ ਅਜਿਹਾ ਵਿਵਹਾਰ ਬਿਲਕੁਲ ਗ਼ਲਤ ਤੇ ਇਤਰਾਜ਼ਯੋਗ ਹੈ। ਇਹ ਜਿਥੇ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦੇ ਸਲੂਕ ਦਾ ਮਾਮਲਾ ਹੈ , ਉਥੇ ਪਹਿਲੇ ਪ੍ਰਧਾਨ ਮੰਤਰੀ ਦੇ ਸਮੇਂ ਤੋਂ ਚੱਲ ਰਹੇ ਸਥਾਪਤ ਪ੍ਰੋਟੋਕਾਲ ਅਤੇ ਪਰੰਪਰਾ ਦੀ ਵੀ ਨੰਗੀ ਚਿੱਟੀ ਉਲੰਘਣਾ ਹੈ ।












