ਜਲੰਧਰ, 29 ਦਸੰਬਰ,ਬੋਲੇ ਪੰਜਾਬ ਬਿਊਰੋ :
ਜਲੰਧਰ ਦੇ ਹਲਕਾ ਨਕੋਦਰ ’ਚ ਹੋਏ ਕਤਲ ਕੇਸ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦਰਅਸਲ, 20 ਦਸੰਬਰ ਨੂੰ ਬੁੱਢਾ ਪਿੰਡ ’ਚ ਇਕ ਬਾਈਕ ਸਵਾਰ ਦੀ ਲਾਸ਼ ਮਿਲੀ ਸੀ। ਵਿਅਕਤੀ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਨਿਸ਼ਾਨ ਸਨ। ਇਸ ਮਾਮਲੇ ’ਚ ਪੁਲਿਸ ਨੇ ਔਰਤ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛ-ਪੜਤਾਲ ’ਚ ਕਤਲ ਬਾਰੇ ਹੈਰਾਨ ਕਰਨ ਵਾਲਾ ਪ੍ਰਗਟਾਵਾ ਹੋਇਆ ਹੈ। ਜਿਸ ’ਚ ਡੀ-ਮਾਰਟ ਕਰਮਚਾਰੀਆਂ ਦੇ ਨਾਲ ਸਬੰਧਾਂ ਦਾ ਪ੍ਰਗਟਾਵਾ ਹੋਇਆ ਹੈ।
ਡੀ.ਐਸ.ਪੀ. ਜਲੰਧਰ ਦੇਹਾਤੀ ਪੁਲਿਸ ਸੁਖਪਾਲ ਸਿੰਘ ਨੇ ਦਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਜਾਂਚ ’ਚ ਪਤਾ ਲੱਗਾ ਕਿ ਉਹ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਮੁਕੇਸ਼ ਕੁਮਾਰ ਹੈ। ਡੂੰਘਾਈ ਨਾਲ ਜਾਂਚ ਦੌਰਾਨ ਪਤਾ ਲੱਗਾ ਕਿ ਮੁਕੇਸ਼ ਦੀ ਪਤਨੀ ਨੀਰੂ ਦੇ ਹਰਪ੍ਰੀਤ ਸਿੰਘ ਹੈਪੀ ਨਾਲ ਨਾਜਾਇਜ਼ ਸਬੰਧ ਸਨ। ਨੀਰੂ ਅਤੇ ਹੈਪੀ ਡੀ-ਮਾਰਟ ’ਚ ਕੰਮ ਕਰਦੇ ਹਨ। ਦੋਵੇਂ ਵਿਆਹ ਕਰਨਾ ਚਾਹੁੰਦੇ ਹਨ ਪਰ ਮੁਕੇਸ਼ ਉਨ੍ਹਾਂ ਦੇ ਵਿਆਹ ’ਚ ਰੁਕਾਵਟ ਬਣ ਰਿਹਾ ਸੀ।












