ਲੁਧਿਆਣਾ, 15 ਜਨਵਰੀ,ਬੋਲੇ ਪੰਜਾਬ ਬਿਊਰੋ :
ਲੋਹੜੀ ਦੇ ਤਿਉਹਾਰ ਨੂੰ ਲੈ ਕੇ ਹੋ ਰਹੀ ਪਤੰਗਬਾਜੀ ਦੌਰਾਨ ਮੰਗਲਵਾਰ ਨੂੰ 2 ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ। ਗਾਲੀ-ਗਲੌਚ ਤੋਂ ਸ਼ੁਰੂ ਹੋਈ ਲੜਾਈ ’ਚ ਡੇਢ ਦਰਜਨ ਦੇ ਕਰੀਬ ਨੌਜਵਾਨਾਂ ਨੇ ਇੱਕ ਪਰਿਵਾਰ ’ਤੇ ਹਮਲਾ ਕਰ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ, ਜਿਸ ਦੇ ਚੱਲਦੇ ਪਰਿਵਾਰ ਦੇ ਬਜ਼ੁਰਗ ਗੁਰਮੇਲ ਸਿੰਘ ਦੀ ਮੌਤ ਹੋ ਗਈ ਤੇ 2 ਹੋਰ ਔਰਤਾਂ ਸਮੇਤ ਅੱਧਾ ਦਰਜਨ ਦੇ ਕਰੀਬ ਲੋਕ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਏ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਅਧੀਨ ਚੌਕੀ ਜਗਤਪੁਰੀ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਮੇਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਮੁਤਾਬਕ ਮੰਗਲਵਾਰ ਦੁਪਹਿਰ ਕੁਝ ਲੋਕ ਪਤੰਗਬਾਜ਼ੀ ਕਰ ਰਹੇ ਸਨ। ਛੱਤ ’ਤੇ ਖੜ੍ਹੇ ਉਕਤ ਨੌਜਵਾਨ ਮੁਹੱਲੇ ’ਚ ਸ਼ਰਾਰਤਾਂ ਕਰ ਰਹੇ ਸਨ। ਉਨ੍ਹਾਂ ਦੀਆਂ ਇਤਰਾਜ਼ਯੋਗ ਹਰਕਤਾਂ ਕਾਰਨ ਗੁਰਮੇਲ ਸਿੰਘ ਉਨ੍ਹਾਂ ਨੂੰ ਰੋਕਣ ਗਏ ਤਾਂ ਕਰੀਬ ਡੇਢ ਦਰਜਨ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਝਗੜੇ ਦੌਰਾਨ ਗੁਰਮੇਲ ਸਿੰਘ ਗੰਭੀਰ ਰੂਪ ਨਾਲ ਫੱਟੜ ਹੋ ਗਿਆ ਤੇ ਸਿਰ ’ਚ ਲੱਗੀਆਂ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਜਸਵਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਘਰ ’ਚ ਮੌਜੂਦ ਔਰਤਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ, ਜਿਸ ਕਾਰਨ ਪਰਿਵਾਰ ਦੇ ਕਰੀਬ ਅੱਧਾ ਦਰਜਨ ਮੈਂਬਰਾਂ ਦੇ ਕਾਫੀ ਸੱਟਾਂ ਲੱਗੀਆਂ। ਫੱਟੜਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਤੇ ਇਸ ਮਾਮਲੇ ਦੀ ਸ਼ਿਕਾਇਤ ਚੌਕੀ ਜਗਤਪੁਰੀ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ












