ਰਾਏਕੋਟ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਥਾਣਾ ਸਦਰ ਰਾਏਕੋਟ ਦੇ ਅਧੀਨ ਆਉਣ ਵਾਲੀ ਚੌਕੀ ਲੋਹਟਬੱਦੀ ਦੀ ਪੁਲਿਸ ਨੇ ਲਾਪਤਾ ਹੋਏ ਜਵਾਨ ਦੀ ਲਾਸ਼ ਉਸਦੇ ਦੋਸਤ ਦੇ ਘਰੋਂ ਮਿਲਣ ’ਤੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ 2 ਦੋਸਤਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਹਟਬੱਦੀ ਪੁਲਿਸ ਚੌਕੀ ਇੰਚਾਰਜ ਗੁਰਸੇਵਕ ਸਿੰਘ ਦੇ ਅਨੁਸਾਰ ਮ੍ਰਿਤਕ ਇਕਬਾਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਲੋਹਟਬੱਦੀ ਦੀ ਮਾਤਾ ਹਰਮੀਤ ਕੌਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪੁੱਤਰ, ਜੋ ਛੋਟਾ ਹਾਥੀ ਟੈਂਪੋ ਚਲਾਉਂਦਾ ਸੀ, 21 ਜਨਵਰੀ ਤੋਂ ਗੁੰਮ ਹੈ। 22 ਜਨਵਰੀ ਨੂੰ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ।
ਪੁਲਿਸ ਨੇ ਇਕਬਾਲਜੀਤ ਸਿੰਘ ਦਾ ਟੈਂਪੋ ਪਿੰਡ ਦੇ ਪੰਚਾਇਤ ਘਰ ਦੇ ਨੇੜੇ ਤੋਂ ਬਰਾਮਦ ਕਰ ਲਿਆ ਸੀ। ਉਸਦੇ ਦੋਵੇਂ ਦੋਸਤਾਂ, ਉਦਮ ਸਿੰਘ ਵਾਸੀ ਪਿੰਡ ਬਡੂੰਦੀ ਅਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਲੋਹਟਬੱਦੀ ਦੇ ਘਰਾਂ ਦੀ ਛਾਣਬੀਣ ਕੀਤੀ ਗਈ। ਇਸ ਦੌਰਾਨ ਕੁਲਵਿੰਦਰ ਸਿੰਘ ਦੇ ਘਰੋਂ ਇਕਬਾਲਜੀਤ ਸਿੰਘ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਮਾਤਾ ਹਰਮੀਤ ਕੌਰ ਨੇ ਦੋਸਤਾਂ ਉਦਮ ਸਿੰਘ ਅਤੇ ਕੁਲਵਿੰਦਰ ਸਿੰਘ ’ਤੇ ਦੋਸ਼ ਲਗਾਇਆ ਕਿ ਇਕਬਾਲਜੀਤ ਸਿੰਘ ਨੇ ਉਨ੍ਹਾਂ ਨਾਲ ਸ਼ਰਾਬ ਪੀਤੀ ਸੀ ਅਤੇ ਉਨ੍ਹਾਂ ਦੋਵਾਂ ਨੇ ਉਸ ਨੂੰ ਸ਼ਰਾਬ ਵਿੱਚ ਕੋਈ ਜਹਿਰੀਲਾ ਪਦਾਰਥ ਦੇ ਦਿੱਤਾ।
ਪੁਲਿਸ ਨੇ ਮ੍ਰਿਤਕ ਦੀ ਮਾਤਾ ਹਰਮੀਤ ਕੌਰ ਦੀ ਸ਼ਿਕਾਇਤ ’ਤੇ ਉਦਮ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।












