ਸ਼ੇਰਪੁਰ, 2 ਮਾਰਚ, ਬੋਲੇ ਪੰਜਾਬ ਬਿਊਰੋ :
ਬਲਾਕ ਸ਼ੇਰਪੁਰ ਦੇ ਪਿੰਡ ਰਾਮਨਗਰ ਛੰਨਾ ਵਿਖੇ ਵਿਆਹ ਤੋਂ ਕੁਝ ਦਿਨਾਂ ਬਾਅਦ ਆਪਣੇ ਸਹੁਰੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋਈ ਨਵੀਂ ਵਿਆਹੀ ਲਾੜੀ ਨੂੰ ਕਾਬੂ ਕਰਨ ਵਿੱਚ ਸ਼ੇਰਪੁਰ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ।
ਸਹਜਪ੍ਰੀਤ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ, ਨਿਵਾਸੀ ਰਾਮਨਗਰ ਛੰਨਾ ਨੇ ਸ਼ੇਰਪੁਰ ਪੁਲਿਸ ਵਿਚ ਬਿਆਨ ਦਰਜ ਕਰਵਾਏ ਸਨ ਕਿ ਉਸਦਾ ਵਿਆਹ 14 ਫ਼ਰਵਰੀ 2025 ਨੂੰ ਵੀਰਪਾਲ ਕੌਰ ਪੁੱਤਰੀ ਚਮਕੌਰ ਸਿੰਘ, ਥਾਣਾ ਮਹਤਾ, ਜ਼ਿਲ੍ਹਾ ਬਰਨਾਲਾ ਨਾਲ ਸਿੱਖ ਰੀਤ-ਰਿਵਾਜਾਂ ਮੁਤਾਬਕ ਹੋਇਆ ਸੀ।
ਇਸ ਤੋਂ ਕੁਝ ਦਿਨ ਬਾਅਦ 21 ਫ਼ਰਵਰੀ 2025 ਨੂੰ ਉਸਦੀ ਪਤਨੀ ਵੀਰਪਾਲ ਕੌਰ ਬਿਨਾ ਦੱਸੇ ਘਰ ਦੇ ਬਾਹਰ ਆਈ ਕਾਰ ਵਿੱਚ ਬੈਠ ਕੇ ਇੱਕ ਅਣਪਛਾਤੇ ਵਿਅਕਤੀ ਨਾਲ ਚਲੀ ਗਈ। ਇਸ ਤੋਂ ਬਾਅਦ ਜਦੋਂ ਉਸਨੇ ਘਰ ਵਿੱਚ ਜਾਂਚ ਕੀਤੀ ਤਾਂ 7 ਲੱਖ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ।
ਇਸ ਮਾਮਲੇ ਵਿੱਚ ਥਾਣਾ ਸ਼ੇਰਪੁਰ ਵਿੱਚ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਥਾਣਾ ਸ਼ੇਰਪੁਰ ਦੇ ਮੁੱਖੀ ਇੰਸਪੈਕਟਰ ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਵੀਰਪਾਲ ਕੌਰ ਨੂੰ ਪੁਲਿਸ ਟੀਮ ਨੇ ਉੱਤਰਾਖੰਡ-ਯੂਪੀ ਦੀ ਸਰਹੱਦ ਨੇੜੇ ਬਿਲਾਸਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਗਹਿਣੇ ਵੀ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਔਰਤ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।












