ਫਰੀਦਕੋਟ 8 ਮਾਰਚ,ਬੋਲੇ ਪੰਜਾਬ ਬਿਊਰੋ :
ਫ਼ਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ 4 ਮਾਮਲਿਆਂ ਵਿੱਚ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 2 ਕਿਲੋ 560 ਗ੍ਰਾਮ ਅਫੀਮ, 20 ਗ੍ਰਾਮ ਹੈਰੋਇਨ, 200 ਨਸ਼ੀਲੀਆਂ ਗੋਲੀਆਂ ਅਤੇ 9000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਪੁਲਸ ਨੇ ਫਰੀਦਕੋਟ ਦੇ ਇਕ ਸਰਕਾਰੀ ਅਧਿਆਪਕ ਦਾ ਨਾਮ ਵੀ ਲਿਆ ਹੈ। ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।ਪਹਿਲੇ ਮਾਮਲੇ ਵਿੱਚ ਸੀਆਈਏ ਸਟਾਫ਼ ਜੈਤੋ ਨੇ ਥਾਣਾ ਸਦਰ ਫ਼ਰੀਦਕੋਟ ਦੇ ਪਿੰਡ ਭਾਣਾ ਨੇੜੇ ਪਿੰਡ ਚਾਹਿਲ ਦੇ ਰਹਿਣ ਵਾਲੇ ਗੁਰਤੀਰਥ ਸਿੰਘ ਉਰਫ਼ ਬੱਬੂ ਨੂੰ 2 ਕਿਲੋ 560 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿੰਡ ਦਾ ਹੀ ਇੱਕ ਸਰਕਾਰੀ ਅਧਿਆਪਕ ਧਰਮਪ੍ਰੀਤ ਸਿੰਘ ਵੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਧਰਮਪ੍ਰੀਤ ਸਿੰਘ ਨੂੰ ਵੀ ਮਾਮਲੇ ‘ਚ ਨਾਮਜ਼ਦ ਕੀਤਾ ਹੈ।












