ਪੱਟੀ, 2 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਜਵੰਦਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ (28) ਦੀ ਫੌਜ ਦੀ ਡਿਊਟੀ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਪਿੰਡ ਜਵੰਦਾ ਕਲਾਂ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਗਗਨਦੀਪ ਸਿੰਘ (28) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 11 ਸਾਲਾਂ ਤੋਂ 67 ਇੰਜੀਨੀਅਰਿੰਗ ਅੰਬਾਲਾ ਵਿਖੇ ਤਾਇਨਾਤ ਸੀ, ਜਿੱਥੇ ਡਿਊਟੀ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਫੌਜ ਦੇ ਜਵਾਨਾਂ ਨੇ ਉਸ ਨੂੰ ਇਲਾਜ ਲਈ ਆਰਮੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਪਿੰਡ ਵਿੱਚ ਪੁੱਜਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪੀ.ਏ. ਦਿਲਬਾਗ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਪਰਿਵਾਰ ਨਾਲ ਖੜ੍ਹੀ ਹੈ ਅਤੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।












